Jul 23, 2026
ਜਸਵੀਰ ਸਿੰਘ ਭਲੂਰੀਆ ( +1-236-622-7799)-
ਸ: ਜਸਵੰਤ ਸਿੰਘ ਖਾਲੜਾ ਜੀ ਨੇ ਉਹ ਕਾਰਜ ਕੀਤਾ ਹੈ ਜੋ ਇੱਕ ਸੰਪੂਰਨ ਅਤੇ ਜਾਗਦੀ ਜ਼ਮੀਰ ਵਾਲੇ ਇਨਸਾਨ ਨੂੰ ਕਰਨਾ ਚਾਹੀਦਾ ਹੈ। ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ ਹੈ। ਉਪਦੇਸ਼ ਹੀ ਨਹੀਂ ਦਿੱਤਾ ਸਗੋਂ ਕਰਕੇ ਵੀ ਵਿਖਾਇਆ ਹੈ। ਇਸ ਸੁਚੱਜੇ ਅਤੇ ਦਲੇਰਾਨਾ ਕਾਰਜ ਵਿੱਚ ਸ: ਜਸਵੰਤ ਸਿੰਘ ਖਾਲੜਾ ਜੀ ਦੇ ਪ੍ਰੀਵਾਰ ਦੇ ਹਰ ਜੀਅ ਦਾ ਯੋਗਦਾਨ ਹੈ। ਸ: ਜਸਵੰਤ ਸਿੰਘ ਖਾਲੜਾ ਜੀ ਆਪਣੇ ਟੀਚੇ ਦੇ ਆਖਰੀ ਪੜਾਅ ਤੇ ਪਹੁੰਚ ਗਏ ਸਨ। ਜੇਕਰ ਉਨ੍ਹਾਂ ਦੀ ਸ਼ਹਾਦਤ ਨਾ ਹੁੰਦੀ ਤਾਂ ਬਹੁਤ ਜਲਦੀ ਉਸ ਨਾਬਰਦਾਸ਼ਤ ਯੋਗ ਸੱਚ ਤੋਂ ਪਰਦਾ ਚੁੱਕਿਆ ਜਾਣਾ ਸੀ। ਸ: ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਕਿਸੇ ਇੱਕ ਧਿਰ ਲਈ ਨਹੀਂ ਹੋਈ ਸਗੋਂ ਮਨੁੱਖ ਵੱਲੋਂ ਮਨੁੱਖ ਉੱਪਰ ਹੋਏ ਅਣ-ਮਨੁੱਖੀ ਜ਼ੁਲਮ ਲਈ ਹੋਈ ਹੈ। ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਪਰ ਸੱਚ ਇਹ ਹੈ ਕਿ ਉਨ੍ਹਾਂ ਦੀ ਕੁਰਬਾਨੀ ਨੂੰ ਭੁਲਾਇਆ ਹੀ ਨਹੀਂ ਗਿਆ ਸਗੋਂ ਸਿਆਸੀ ਧਿਰਾਂ ਵੱਲੋਂ ਰੋਲਣ ਦੀ ਕੋਸ਼ਿਸ਼ ਕੀਤੀ ਗਈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਸ਼ਹਾਦਤ ਤੋਂ ਲੈ ਕੇ ਸਤਲੁਜ ਮੂਵੀ ਆਉਣ ਤੱਕ ਕਿਸੇ ਵੱਡੇ ਮੰਚ ਤੇ ਉਨ੍ਹਾਂ ਦਾ ਜਿਕਰਯੋਗ ਜਿਕਰ ਨਹੀਂ ਹੋਇਆ। ਪਰ ਸਤਲੁਜ ਮੂਵੀ ਦੇ ਡਾਇਰੈਕਟਰ ਹਨੀ ਤ੍ਰੇਹਨ ਨੇ ਸ: ਜਸਵੰਤ ਸਿੰਘ ਖਾਲੜਾ ਜੀ ਦੇ ਮਹਾਨ ਸੁਚੱਜੇ ਕਾਰਜ ਨੂੰ ਪਰਦੇ ਉੱਤੇ ਉਤਾਰ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਕਿਸੇ ਵੀ ਸੱਚੀ ਕਹਾਣੀ ਨੂੰ ਇੰਨ-ਬਿੰਨ ਫਿਲਮਾਉਣਾ ਅਸੰਭਵ ਹੁੰਦਾ ਹੈ। ਪਰ ਹਨੀ ਤ੍ਰੇਹਨ ਨੇ ਵੱਧ ਤੋਂ ਵੱਧ ਸਚਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਹੀ ਉਸ ਦੇ ਕਾਰਜ ਦੀ ਚੁਫੇਰਿਓਂ ਸਰਾਹਨਾ ਹੋ ਰਹੀ ਹੈ।
ਦਲਜੀਤ ਦੁਸਾਂਝ ਬਿਨਾਂ ਸ਼ੱਕ ਅੱਜ ਦਾ ਸੁਪਰ ਸਟਾਰ ਪੰਜਾਬੀ ਕਲਾਕਾਰ ਹੈ। ਉਸ ਦੇ ਪ੍ਰਸੰਸਕਾਂ ਦੀ ਗਿਣਤੀ ਦਾ ਕੋਈ ਅੰਤ ਨਹੀਂ। ਉਸ ਨੇ ਪੈਸਾ ਵੀ ਬੇਅਥਾਹ ਕਮਾਇਆ ਹੈ ਅਤੇ ਕਮਾ ਰਿਹਾ ਹੈ। ਪਰ ਮੈਨੂੰ ਉਹਦੇ ਕੱਦ ਮਤਾਬਕ ਉਹਦੀ ਗੀਤ ਚੋਣ ਤੇ ਇਤਰਾਜ਼ ਰਿਹਾ ਹੈ। ਖੈਰ ! ਖਾਲੜਾ ਸਾਹਿਬ ਦਾ ਕਿਰਦਾਰ ਨਿਭਾ ਕੇ ਉਸ ਨੇ ਪੂਰੀ ਕੌਮ ਦਾ ਦਿਲ ਜਿੱਤ ਲਿਆ ਹੈ। ਬਾਕੀ ਸਾਰੇ ਅਦਾਕਾਰਾਂ ਦਾ ਕੰਮ ਵੀ ਸ਼ੰਲਾਘਯੋਗ ਹੈ। ਇਸ ਮੂਵੀ ਨੇ ਪੰਜਾਬੀ ਸਿਨੇਮੇ ਨੂੰ ਇੱਕ ਨਵਾਂ ਮੋੜ ਦਿੱਤਾ ਹੈ। ਰਹੀ ਗੱਲ ਮੂਵੀ ਤੇ ਰੋਕ ਲਾਉਣ ਦੀ। ਜਿਹੜੀ ਗੱਲ ਹਕੂਮਤ ਦੇ ਵਿਰੋਧ ਵਿੱਚ ਜਾਂਦੀ ਹੋਵੇ ਉਹ ਨਾ ਕਦੇ ਕਿਸੇ ਹਕੂਮਤ ਨੇ ਬਰਦਾਸ਼ਤ ਕੀਤੀ ਹੈ ਅਤੇ ਨਾ ਹੀ ਕਦੇ ਕਰੇਗੀ। ਹਕੂਮਤ ਦੇ ਨਾਲ ਚੱਲ ਕੇ ਜੋ ਮਰਜ਼ੀ ਗੰਦ-ਮੰਦ ਪਰੋਸੀ ਚੱਲੋ। ਹਾਂ, ਹਕੂਮਤਾਂ ਅਜਿਹੇ ਮੁੱਦਿਆਂ ਨੂੰ ਆਪਣੇ ਫਾਇਦੇ ਲਈ ਵਰਤਦੀਆਂ ਜਰੂਰ ਨੇ। ਜੇ ਉਸ ਦੌਰ ਦੀ ਗੱਲ ਕਰੀਏ,ਜਿਸ ਨੂੰ ‘ਕਾਲੇ ਦੌਰ’ ਦਾ ਨਾਂ ਦਿੱਤਾ ਗਿਆ ਹੈ ਤਾਂ ਉਸ ਵਿੱਚ ਤਿੰਨ ਧਿਰਾਂ ਸ਼ਾਮਲ ਸਨ। ਇੱਕ ਸਰਕਾਰੀ ਧਿਰ,ਦੂਸਰੀ ਉਸ ਵਿਰੁੱਧ ਲੜਨ ਵਾਲੀ ਅਤੇ ਤੀਸਰੀ ਜਨਤਾ। ਜਦੋਂ ਦੋ ਧਿਰਾਂ ਦੀ ਲੜਾਈ ਹੁੰਦੀ ਹੈ ਤਾਂ ਨੁਕਸਾਨ ਦੋਨਾਂ ਦਾ ਹੀ ਹੁੰਦਾ ਹੈ। ਕਿਸੇ ਦਾ ਘੱਟ,ਕਿਸੇ ਦਾ ਵੱਧ। ਪਰ ਉਸ ਦੌਰ ਵਿੱਚ ਆਮ ਜਨਤਾ ਦਾ ਵੀ ਜਾਨੀ-ਮਾਲੀ ਨੁਕਸਾਨ ਬਹੁਤ ਹੋਇਆ ਹੈ। ਸਿੱਧੀਆਂ ਲੜਨ ਵਾਲੀਆਂ ਦੋ ਧਿਰਾਂ ਦੀ ਦਹਿਸ਼ਤ ਏਨੀ ਸੀ ਕਿ ਕੋਈ ਕੁਸਕਦਾ ਤੱਕ ਨਹੀਂ ਸੀ। ਘਰੋਂ ਗਏ ਬੰਦੇ ਦਾ ਪਤਾ ਨਹੀਂ ਹੁੰਦਾ ਸੀ ਕਿ ਉਹ ਵਾਪਸ ਆਵੇਗਾ ਕਿ ਨਹੀਂ। ਖੇਤਾਂ/ਢਾਣੀਆਂ ਵਿੱਚ ਬੈਠੇ ਪ੍ਰੀਵਾਰਾਂ ਲਈ ਰਾਤ ਮੁਸੀਬਤ ਬਣ ਕੇ ਆਉਂਦੀ ਸੀ। ਪਰ ਹੁਣ ਕੋਈ ਡਰ ਨਾ ਹੋਣ ਕਾਰਨ ਪੁਰਾਣੀਆਂ ਆਡੀਓ/ਵੀਡੀਓ/ ਅਤੇ ਲਿਖਤਾਂ ਰਾਹੀਂ ਦੱਬੀਆਂ ਪਰਤਾਂ ਖੁੱਲ੍ਹ ਰਹੀਆਂ ਹਨ।
ਹੁਣ ਚਰਚਾਵਾਂ ਇਹ ਵੀ ਚੱਲ ਰਹੀਆਂ ਹਨ ਕਿ ਇਸ ਮੂਵੀ ਰਾਹੀਂ ਉੱਭਰੇ ਮੁੱਦੇ ਤੋਂ ਸਿਆਸੀ ਪਾਰਟੀਆਂ 2027 ਦੀਆਂ ਚੋਣਾਂ ਵਿੱਚ ਲਾਹਾ ਲੈਣਾ ਚਾਹੁੰਦੀਆਂ ਹਨ। ਪੰਜਾਬ ਵਿੱਚ ਇਸ ਸਮੇਂ ਚਾਰ ਸਿਆਸੀ ਪਾਰਟੀਆਂ ਸਰਗਰਮ ਹਨ। ਪਰ ਖਾਲੜਾ ਸਾਹਿਬ ਦੇ ਪ੍ਰੀਵਾਰ ਵੱਲੋਂ ਆਏ ਬਿਆਨਾਂ ਕਰਕੇ ਕੋਈ ਵੀ ਪਾਰਟੀ ਦੋਸ਼ ਤੋਂ ਮੁਕਤ ਨਹੀਂ ਰਹਿ ਸਕੀ। ਕਿਸੇ ਵੀ ਪਾਰਟੀ ਨੇ ਖਾਲੜਾ ਸਾਹਿਬ ਦੀ ਕੁਰਬਾਨੀ ਦੀ ਕਦਰ ਨਹੀਂ ਪਾਈ ਸਗੋਂ ਦੋਸ਼ੀਆਂ ਦੇ ਹੱਕ ਵਿੱਚ ਹੀ ਭੁਗਤੀਆਂ ਹਨ। ਸ: ਜਸਵੰਤ ਸਿੰਘ ਖਾਲੜਾ ਪੜੇ-ਲਿਖੇ ਅਤੇ ਬਹੁਤ ਹੀ ਸੁਲਝੇ ਹੋਏ ਇਨਸਾਨ ਸਨ। ਜਦੋਂ ਉਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਦਾ ਮੁੱਦਾ ਛੱਡਣ ਬਾਰੇ ਦਬਾਅ ਪੈਣ ਲੱਗਾ ਅਤੇ ਧਮਕੀਆਂ ਮਿਲਣ ਲੱਗੀਆਂ ਤਾਂ ਉਹ ਰੁਕਣ ਦੀ ਬਜਾਏ ਇਸ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਗਏ। ਉੱਥੇ ਉਨ੍ਹਾਂ ਦੀ ਸੁਣਵਾਈ ਵੀ ਪੂਰੀ ਹੋਈ। ਇਥੋਂ ਤੱਕ ਕਿ ਉਨ੍ਹਾਂ ਨੂੰ ਯੂ. ਕੇ. ਵਿੱਚ ਸਿਆਸੀ ਪਨਾਹ ਵੀ ਮਿਲ ਗਈ ਸੀ। ਪਰ ਉਹ ਆਪਣੇ ਆਪ ਨੂੰ ਬਚਾਉਣ ਦੀ ਥਾਂ ਉਹ ਪੀੜਤ ਪ੍ਰੀਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਵਾਪਸ ਪੰਜਾਬ ਆ ਗਏ। ਅੰਤਰਰਾਸ਼ਟਰੀ ਦਬਾਅ ਪੈਣ ਕਾਰਨ ਉਨ੍ਹਾਂ ਨੂੰ ਕੇਂਦਰ ਵੱਲੋ ਸਕਿਉਰਟੀ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਖਾਲੜਾ ਸਾਹਿਬ ਨੇ ਸਕਿਉਰਟੀ ਲੈਣ ਤੋਂ ਮਨ੍ਹਾ ਕਰ ਦਿੱਤਾ। •••ਤੇ ਆਖਰ ਉਹੀ ਹੋਇਆ ਜਿਸ ਦਾ ਖਦ਼ਸ਼ਾ ਸੀ। ਖਾਲੜਾ ਸਾਹਿਬ ਨੂੰ ਸ਼ਰੇਆਮ ਘਰੋਂ ਚੁੱਕਿਆ ਗਿਆ। ਪ੍ਰੀਵਾਰ ਅਤੇ ਸਥੀਆਂ ਵੱਲੋਂ ਲੱਖ ਯਤਨ ਕਰਨ ਤੇ ਵੀ ਉਨ੍ਹਾਂ ਬਾਰੇ ਕੋਈ ਉੱਘ-ਸੁੱਘ ਨਾ ਨਿਕਲੀ।
ਹੁਣ ਸਾਡੇ ਸਰਕਾਰੀ ਤੰਤਰ ਤੇ ਇੱਕ ਵੱਡਾ ਸਵਾਲ ਉੱਠਦਾ ਹੈ। ਜਿਸ ਵਿੱਚ ਅਜ਼ਾਦੀ ਤੋਂ ਬਾਅਦ ਬਣੀਆਂ ਸਾਰੀਆਂ ਸਰਕਾਰਾਂ ਆਉਂਦੀਆਂ ਹਨ। ਸਵਾਲ ਇਹ ਹੈ ਕਿ ਇੱਕ ਪੜੇ-ਲਿਖੇ, ਸਾਧਨ ਸਪੰਨ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਕਰ ਸਕਣ ਵਾਲੇ ਇਨਸਾਨ, ਜਿਸ ਨੇ ਆਪਣੇ ਹੋਣ ਵਾਲੇ ਜਾਨੀ ਨੁਕਸਾਨ ਬਾਰੇ ਦੇਸ਼-ਵਿਦੇਸ਼ ਦੀਆਂ ਏਜੰਸੀਆਂ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ, ਉਸ ਨਾਲ ਫਿਰ ਵੀ ਉਹ ਭਾਣਾ ਵਰਤ ਗਿਆ ਅਤੇ ਬਾਅਦ ਵਿੱਚ ਉਸ ਦੇ ਰਹੱਸਮਈ ਢੰਗ ਨਾਲ ਗਾਇਬ ਹੋਣ ਤੇ ਪ੍ਰੀਵਾਰ ਨੂੰ ਅੰਤਾਂ ਦੀ ਖੱਜਲ-ਖੁਆਰੀ ਝੱਲਣੀ ਪਈ, ਇਸ ਸਿਸਟਮ ਵਿੱਚ ਇੱਕ ਆਮ ਇਨਸਾਨ ਨਾਲ ਕੀ ਵਾਪਰਦਾ ਹੋਵੇਗਾ ਅਤੇ ਲੱਖਾਂ ਇਨਸਾਨਾਂ ਨਾਲ ਵਾਪਰਿਆ ਹੋਵੇਗਾ। ਜਦੋਂ ਕਿ ਸਰਕਾਰਾਂ ਦਾ ਕੰਮ ਜਨਤਾ ਦੀ ਹਿਫ਼ਾਜ਼ਤ ਕਰਨਾ ਅਤੇ ਸਹੂਲਤਾਂ ਦੇਣਾ ਹੁੰਦਾ ਹੈ। ਕੀ ਅਸੀ 1947 ਵੇਲੇ ਅਜ਼ਾਦੀ ਦੇ ਨਾਂ ਤੇ ਦਸ ਲੱਖ ਬੰਦਾ ਇਸ ਲਈ ਮਰਵਾਇਆ ਸੀ ? ਇਸ ਮੰਦਭਾਗੇ ਵਰਤਾਰੇ ਵਿੱਚ ਕੋਈ ਵੀ ਸਰਕਾਰ ਅਛੂਤੀ ਨਹੀਂ ਰਹੀ। ਇਹ ਮਸਲਾ ਕਿਸੇ ਇੱਕ ਕੌਮ ਜਾਂ ਫਿਰਕੇ ਦਾ ਨਹੀਂ,ਇਹ ਮਸਲਾ ਹਰ ਦੇਸ਼ ਵਾਸੀ ਨਾਲ ਸਬੰਧਤ ਹੈ। ਸੋ ‘ਸਤਲੁਜ’ ਫਿਲਮ ਨੇ ਸੁੱਤਿਆਂ ਨੂੰ ਜਗਾਉਣ ਦਾ ਕਾਰਜ ਕੀਤਾ ਹੈ। ਸਾਹਿਤ ਅਤੇ ਕਲਾ ਦਾ ਮੁੱਖ ਮਕਸਦ ਵੀ ਇਹੀ ਹੁੰਦਾ ਹੈ ਅਤੇ ਹੋਣਾ ਚਾਹੀਦਾ ਹੈ। ਲੋਕੋ ਜਾਗੋ, ਸਾਰੇ ਜਾਗੋ…… ਸਿਆਸੀ ਧਿਰਾਂ ਸਾਨੂੰ ਵੰਡ ਕੇ ਕੁੱਟਦੀਆਂ ਵੀ ਨੇ, ਲੁੱਟਦੀਆਂ ਵੀ ਨੇ ਅਤੇ ਰੋਣ ਵੀ ਨੀ ਦਿੰਦੀਆਂ। ਹੱਕ ਮੰਗਦੇ ਕਰਮਚਾਰੀਆਂ, ਮੁਲਾਜ਼ਮਾਂ ਤੇ ਰੋਜ਼ ਡਾਂਗਾਂ ਵਰ੍ਹਾਈਆਂ ਜਾਂਦੀਆਂ ਨੇ, ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਨੇ। ਇਹ ਸਿਰਫ਼ ਇਸ ਕਰਕੇ ਹੈ ਕਿ ਅਸੀਂ ਵੰਡੇ ਜਾਂਦੇ ਹਾਂ,ਸਾਡੇ ਵਿੱਚ ਏਕਾ ਨਹੀਂ, ਸਾਡੇ ਵਿੱਚ ਜੁਰੱਅਤ ਨਹੀਂ। ਸਿਆਸੀ ਧਿਰ ਕੋਈ ਵੀ ਆਵੇ , ਸਾਡਾ ਹਸ਼ਰ ਇਹੀ ਹੋਵੇਗਾ, ਜਿੰਨੀ ਦੇਰ ਅਸੀਂ ਸਾਰੇ ਜਸਵੰਤ ਸਿੰਘ ਖਾਲੜਾ ਵਾਂਗ ਡਟ ਨਹੀਂ ਜਾਂਦੇ।

ਸਰੀ(ਬੀ.ਸੀ.) ਕੈਨੇਡਾ

Leave a Reply

Your email address will not be published. Required fields are marked *