Jul 25, 2026

ਕੈਲਗਰੀ ( ਦਲਬੀਰ ਜੱਲੋਵਾਲੀਆ)-ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵਲੋਂ ਇਮੀਗ੍ਰੇਸ਼ਨ ਨੀਤੀਆਂ ਵਿਚ ਤਬਦੀਲੀਆਂ ਅਤੇ ਨਿਯਮਾਂ ਵਿਚ ਸਖਤਾਈ ਕਾਰਣ ਕੌਮਾਂਤਰੀ ਵਿਦਿਆਰਥੀਆਂ ਅਤੇ ਹੋਰ ਕੱਚੇ ਕਾਮਿਆਂ ਨੂੰ ਵਰਕ ਪਰਮਿਟਾਂ ਦੀ ਪ੍ਰਾਪਤੀ ਅਤੇ ਪੀ ਆਰ ਵਾਸਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਕੈਲਗਰੀ ਦੇ ਇਕ ਕਾਲਜ ਤੋਂ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੀ ਇਨਕਾਰੀ ਉਪਰੰਤ ਵਿਦਿਆਰਥੀਆਂ ਵਿਚ ਨਿਰਾਸ਼ਾ ਫੈਲਣ ਦੇ ਨਾਲ ਇਮੀਗ੍ਰੇਸ਼ਨ ਵਿਭਾਗ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ। ਵਿਦਿਆਰਥੀਆਂ ਵਲੋਂ ਵਰਕ ਪਰਮਿਟ ਅਤੇ ਹੋਰ ਰਾਹਤ ਦੀ ਮੰਗ ਨੂੰ ਲੈਕੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।

ਹੋਰ ਜਾਣਕਾਰੀ ਮੁਤਾਬਿਕ ਜਦੋਂ ਪੋਰਟੇਜ ਕਾਲਜ ਦੇ ਕੁਝ ਵਿਦਿਆਰਥੀਆਂ ਨੂੰ ਵਰਕ ਪਰਮਿਟ ਤੋਂ ਇਨਕਾਰ ਹੋਇਆ ਤਾਂ ਇਹ ਵਿਦਿਆਰਥੀ ਸਭ ਤੋਂ ਪਹਿਲਾਂ ਦਸਮੇਸ਼ ਕਲਚਰ ਸੈਂਟਰ ਗੁਰੂ ਘਰ ਵਿਖੇ ਇਕੱਤਰ ਹੋਏ। ਜਾਣਕਾਰੀ ਮੁਤਾਬਿਕ ਲਗਪਗ 480 ਦੇ ਕਰੀਬ ਵਿਦਿਆਰਥੀਆਂ ਨੂੰ ਰਿਫਿਊਜਲ ਪੱਤਰ ਆਏ ਹਨ। ਹੋਰ ਸੂਤਰਾਂ ਮੁਤਾਬਿਕ  1,500 ਤੋਂ ਵੱਧ ਗ੍ਰੈਜੂਏਟ ਪ੍ਰਭਾਵਿਤ ਹੋਏ ਹਨ। ਵਿਭਾਗ ਦਾ ਦਾਅਵਾ ਹੈ ਕਿ ਨਾਨ ਕ੍ਰੈਡਿਟ ਪ੍ਰੋਗਰਾਮ ਵਾਲੇ ਵਿਦਿਆਰਥੀਆਂ ਨੂੰ ਪੋਸਟ ਗਰੇਜੂਏਟ ਵਰਕ ਪਰਮਿਟ ਜਾਰੀ ਨਹੀ ਕੀਤਾ ਜਾਂਦਾ ਜਦੋਕਿ ਵਿਦਿਆਰਥੀਆਂ ਦਾ ਤਰਕ ਹੈ ਕਿ ਵਿਭਾਗ ਵਿਚ ਆਪਣੇ ਮਾਪਦੰਡ ਵਿਚ ਇਹ ਤਬਦੀਲੀ ਹੁਣ ਕੀਤੀ ਗਈ ਹੈ  ਪਰ ਜਦੋਂ ਉਹਨਾਂ ਨੇ ਇਸ ਪ੍ਰੋਗਰਾਮ ਵਿਚ ਦਾਖਲਾ ਲਿਆ ਸੀ ਤਾਂ ਅਜਿਹੀ ਕੋਈ ਸ਼ਰਤ ਨਹੀ ਸੀ। ਸਬੰਧਿਤ ਕਾਲਜ ਨੇ ਵੀ ਉਹਨਾਂ ਨੂੰ ਪ੍ਰੋਗਰਾਮ ਪੂਰਾ ਕਰਨ ਤੇ ਵਰਕ ਪਰਮਿਟ ਜਾਰੀ ਹੋਣ ਦਾ ਭਰੋਸਾ ਦਿੱਤਾ ਸੀ।

ਵਰਕ ਪਰਮਿਟ ਤੋਂ ਇਨਕਾਰ ਹੋਣ ਉਪਰੰਤ ਕਈ ਵਿਦਿਆਰਥੀ ਕਨੂੰਨੀ ਮਾਹਿਰਾਂ ਦੀ ਸਲਾਹ ਲੈ ਰਹੇ ਹਨ। ਪਰ ਇਸਦੇ ਨਾਲ ਹੀ ਪ੍ਰਭਾਵਿਤ ਵਿਦਿਆਰਥੀਆਂ ਵਲੋਂ ਕੈਲਗਰੀ ਨਾਰਥ ਈਸਟ ਵਿਚ ਧਰਨਾ ਦਿੱਤਾ ਜਾ ਰਿਹਾ ਹੈ ਤੇ ਕੁਝ ਵਲੋਂ ਭੁੱਖ ਹੜਤਾਲ ਵੀ ਕੀਤੀ ਜਾ ਰਹੀ ਹੈ। ਉਹਨਾਂ ਦੀ ਮੰਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਉਹਨਾਂ ਨੂੰ ਤੁਰੰਤ ਰਾਹਤ ਦੇਵੇ। ਉਹ ਕੇਵਲ ਵਰਕ ਪਰਮਿਟ ਦੀ ਮੰਗ ਕਰ ਰਹੇ ਹਨ, ਪੀ ਆਰ ਦੀ ਨਹੀ। ਹਰ ਵਿਦਿਆਰਥੀ ਨੇ ਇਕ ਕੋਰਸ ਲਈ ਸਾਲ ਦੇ 15 ਹਜ਼ਾਰ ਡਾਲਰ ਦੀ ਫੀਸ ਅਦਾ ਕੀਤੀ ਹੈ। ਵਰਕ ਪਰਮਿਟ ਤੋਂ ਇਨਕਾਰ ਹੋਣ ਤੇ ਵਿਦਿਆਰਥੀ ਆਪਣੇ ਆਪਨੂੰ ਠੱਗਿਆ ਮਹਿਸੂਸ ਕਰਦੇ ਹਨ।

Leave a Reply

Your email address will not be published. Required fields are marked *