Jul 26, 2026

ਪ੍ਰੋ. ਕੁਲਬੀਰ ਸਿੰਘ–

 ਵੱਖ-ਵੱਖ ਮੁਲਕਾਂ ਦੀਆਂ ਪ੍ਰਮੁੱਖ ਅਖਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਦੁਆਰਾ ਭਾਰਤੀ ਵਿਦਿਆਰਥੀਆਂ ਵੱਲੋਂ ਦਿੱਲੀ ਵਿਖੇ ਵਿੱਢੇ ਸੰਘਰਸ਼ ਦੀ ਵੱਡੀ ਕਵਰੇਜ਼ ਕੀਤੀ ਜਾ ਰਹੀ ਹੈ। ਦਾ ਗਾਰਡੀਅਨ, ਨਿਊਯਾਰਕ ਟਾਈਮਜ਼, ਬੀ.ਬੀ.ਸੀ., ਫਿਨਾਂਸ਼ੀਅਲ ਟਾਈਮਜ਼, ਅਲ ਜਜੀਰਾ, ਡਾਨ ਅਤੇ ਹੋਰ ਵੱਡੇ ਮੀਡੀਆ ਅਦਾਰੇ ਆਪਣੇ-ਆਪਣੇ ਨਜ਼ਰੀਏ ਤੋਂ ਤਸਵੀਰਾਂ ਸਹਿਤ ਟਿੱਪਣੀਆਂ ਕਰ ਰਹੇ ਹਨ, ਜਿਨ੍ਹਾਂ ਦੀ ਚਾਰੇ ਪਾਸੇ ਚਰਚਾ ਹੈ।

ਅਲ ਜਜ਼ੀਰਾ ਕਤਰ ਦਾ ਇਕ ਚਰਚਿਤ ਕੌਮਾਂਤਰੀ ਨਿਊਜ਼ ਚੈਨਲ ਹੈ ਜਿਸਨੇ ਕਿਹਾ ਹੈ, ਇਹ ਸੰਘਰਸ਼ ਹੁਣ ਕੇਵਲ ਸਿੱਖਿਆ ਸੁਧਾਰ ਤੱਕ ਸੀਮਤ ਨਹੀਂ ਰਹਿ ਗਿਆ ਹੈ।

ਇੰਗਲੈਂਡ ਤੋਂ ਪ੍ਰਕਾਸ਼ਿਤ ਹੋਣ ਵਾਲੀ ਪ੍ਰਮੁੱਖ ਅਤੇ ਪ੍ਰਭਾਵਸ਼ਾਲੀ ਅਖ਼ਬਾਰ ‘ਦਾ ਗਾਰਡੀਅਨ’ ਅਨੁਸਾਰ ਵਿਦਿਆਰਥੀ ਸੰਘਰਸ਼ ਸਾਹਮਣੇ ਪੁਲਿਸ ਦੀ ਕਾਰਵਾਈ ਵੀ ਫਿੱਕੀ ਪੈ ਗਈ।

ਅੰਤਰਰਾਸ਼ਟਰੀ ਮੀਡੀਆ ਭਾਰਤ ਵਿਚ ਹੋ ਰਹੇ ਵਿਆਪਕ ਪ੍ਰਦਰਸ਼ਨਾਂ, ਬੇਰੁਜ਼ਗਾਰੀ ਅਤੇ ਪ੍ਰੀਖਿਆ ਧਾਂਧਲੀ ਨੂੰ ਇਕ ਗੰਭੀਰ ਚੁਣੌਤੀ ਦੇ ਰੂਪ ਵਿਚ ਵੇਖ ਰਿਹਾ ਹੈ।”

ਇਸ ਸਿਲਸਲੇ ਵਿਚ ਅਮਰੀਕਾ ਦੀ ਅਖ਼ਬਾਰ ‘ਦਾ ਨਿਊਯਾਰਕ ਟਾਈਮਜ਼’ ਨੇ ਲਿਖਿਆ ਹੈ, ਭਾਰਤ ਵਿਚ ਸਿੱਖਿਆ ਵਿਵਸਥਾ ਅਤੇ ਭਰਤੀ ਪ੍ਰੀਖਿਆਵਾਂ ਵਿਚ ਗੜਬੜੀ ਵਿਰੁੱਧ ਨੌਜਵਾਨ ਦਿੱਲੀ ਪਹੁੰਚੇ ਹਨ ਅਤੇ ਪ੍ਰਦਰਸ਼ਨਕਾਰੀ ਜ਼ਖਮੀ ਹੋਣ ਦੇ ਬਾਵਜੂਦ ਪਿੱਛੇ ਹਟਣ ਲਈ ਤਿਆਰ ਨਹੀਂ ਹਨ । ਪੁਲਿਸ ਦੀ ਕੁੱਟਮਾਰ ਅਤੇ ਅੱਥਰੂ ਗੈਸ ਦੇ ਗੋਲੇ ਵੀ ਉਨ੍ਹਾਂ ਨੂੰ ਡਰਾ ਨਹੀਂ ਸਕੇ।”

ਬੀ.ਬੀ.ਸੀ. ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, “ਇਹ ਕੇਵਲ ਪ੍ਰਦਰਸ਼ਨ ਨਹੀਂ, ਨੌਜਵਾਨਾਂ ਦਾ ਵਿਰੋਧ ਦਾ ਨਵਾਂ ਤਰੀਕਾ ਹੈ। ਨੌਜਵਾਨ ਸੜਕਾਂ ‘ਤੇ ਉਤਰਨ ਦੇ ਨਾਲ ਨਾਲ ਇੰਸਟਾਗ੍ਰਾਮ ਰੀਲਸ, ਮੀਮਸ ਅਤੇ ਮਜ਼ਾਕ ਰਾਹੀਂ ਵੀ ਆਪਣਾ ਵਿਰੋਧ ਦਰਜ ਕਰਾਉਂਦੇ ਹਨ। ਇਹ ਹਾਸਾ-ਮਜ਼ਾਕ ਡਰ ਨੂੰ ਲਕਾਉਣ ਲਈ ਨਹੀਂ ਬਲਕਿ ਉਸ ਨਾਲ ਲੜਨ ਦਾ ਤਰੀਕਾ ਹੈ।”

ਬੀ.ਬੀ.ਸੀ. ਨੇ ਬਰਾਬਰ ਸਰਕਾਰ ਦਾ ਪੱਖ ਰੱਖਦੇ ਹੋਏ ਰਿਪੋਰਟ ਨੂੰ ਸੰਤੁਲਿਤ ਬਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪਰੰਤੂ ਫੋਕਸ ਇਸ ਗੱਲ ‘ਤੇ ਹੈ ਕਿ ਅੱਜ ਵਿਰੋਧ ਕਰਨ ਦਾ ਤਰੀਕਾ ਬਦਲ ਚੁੱਕਾ ਹੈ।

‘ਦਾ ਨਿਊਯਾਰਕ ਟਾਈਮਜ਼’ ਦੀਆਂ ਸੁਰਖੀਆਂ ‘ਤੇ ਨਜ਼ਰ ਮਾਰੀਏ ਤਾਂ ਉਸਦਾ ਨਜ਼ਰੀਆ ਸਮਝ ਆਉਂਦਾ ਹੈ। ਉਸ ਅਨੁਸਾਰ, ਬੇਰੁਜ਼ਗਾਰੀ ਅਤੇ ਗੁੱਸੇ ਨੇ ਇਹ ਪ੍ਰਦਰਸ਼ਨ ਬਣਾਇਆ ਹੈ। ਇਸ ਵਿਚ ਉਹ ਨੌਜਵਾਨ ਸ਼ਾਮਲ ਹਨ ਜਿਹੜੇ ਨੌਕਰੀ, ਪੇਪਰ ਲੀਕ ਅਤੇ ਸਿਸਟਮ ਤੋਂ ਪ੍ਰੇਸ਼ਾਨ ਹਨ।”

ਰਿਪੋਰਟ ਵਿਚ ਕਿਹਾ ਗਿਆ, “ਮਜ਼ਾਕ ਮਜ਼ਾਕ ਨਾਲ ਆਰੰਭ ਹੋਇਆ ਰੋਸ ਵੇਖਦੇ ਹੀ ਵੇਖਦੇ ਲੱਖਾਂ ਨੌਜਵਾਨਾਂ ਦਾ ਪ੍ਰਦਰਸ਼ਨ ਬਣ ਗਿਆ। ਸਭ ਕੁਝ ਦੇ ਬਾਵਜੂਦ ਨੌਜਵਾਨਾਂ ਵਿਚ ਬੇਰੁਜ਼ਗਾਰੀ ਅਤੇ ਨਿਰਾਜ਼ਗੀ ਵਧੀ ਹੈ। ਜਿਸਨੇ ਇਸ ਪ੍ਰਦਰਸ਼ਨ ਨੂੰ ਤਾਕਤ ਦਿੱਤੀ ਹੈ।

‘ਦਾ ਗਾਰਡੀਅਨ` ਅਖਬਾਰ ਨੇ ਵਧੇਰੇ ਜ਼ੋਰ ਪੁਲਿਸ ਕਾਰਵਾਈ ‘ਤੇ ਦਿੱਤਾ। ਅਖਬਾਰ ਨੇ ਲਿਖਿਆ, ਲਾਠਚਾਰਜ, ਅੱਥਰੂ ਗੈਸ ਅਤੇ ਇੰਟਰਨੈੱਟ ਬੰਦ ਹੋਣ ਦੇ ਬਾਵਜੂਦ ਪ੍ਰਦਰਸ਼ਨਕਾਰੀ ਪਿੱਛੇ ਹੱਟਣ ਲਈ ਤਿਆਰ ਨਹੀਂ ਹਨ। ਪ੍ਰਦਰਸ਼ਨਕਾਰੀਆਂ ਦੇ ਅਨੁਭਵਾਂ ਨੂੰ ਵੀ ਰਿਪੋਰਟ ਵਿਚ ਵਿਸ਼ੇਸ਼ ਸਥਾਨ ਦਿੱਤਾ ਗਿਆ।

‘ਫਿਨਾਂਸ਼ੀਅਲ ਟਾਈਮਜ਼’ ਅਨੁਸਾਰ, ਪੇਪਰ ਲੀਕ ਅਤੇ ਸਿੱਖਿਆ ਵਿਵਸਥਾ ਤੋਂ ਆਰੰਭ ਹੋਇਆ ਮਾਮਲਾ ਹੁਣ ਸਿਆਸੀ ਮੁੱਦਾ ਬਣ ਗਿਆ ਹੈ। ਹੁਣ ਗੱਲ ਕੇਵਲ ਪਰੀਖਿਆ ਦਾ ਨਹੀਂ, ਸਗੋਂ ਜਵਾਬਦੇਹੀ ਅਤੇ ਲੋਕਤੰਤਰਿਕ ਅਧਿਕਾਰਾਂ ਦੀ ਵੀ ਹੋ ਰਹੀ ਹੈ।” ਅਲਜਜ਼ੀਰਾ ਚੈੱਨਲ ਨੇ ਇਸ ਵਿਦਿਆਰਥੀ ਅੰਦੋਲਨ ਨੂੰ ਸਰਕਾਰ ਸਾਹਮਣੇ ਪਿਛਲੇ ਇਕ ਦਹਾਕੇ ਦੀ ਸੱਭ ਤੋਂ ਵੱਡੀ ਚੁਣੌਤੀ ਕਿਹਾ ਹੈ।

ਡਾਨ ਅਖ਼ਬਾਰ ਨੇ ਲਿਖਿਆ, ਇਹ ਪ੍ਰਦਰਸ਼ਨ ਵਿਰੋਧੀ ਧਿਰ ਲਈ ਵੱਡਾ ਮੌਕਾ ਬਣ ਕੇ ਆਏ ਹਨ ਪਰੰਤੂ ਸਿਆਸਤ ਹਾਈ ਹੋਣ ਨਾਲ ਸੰਘਰਸ਼ ਦੇ ਅਸਲ ਮੁੱਦੇ ਪੇਪਰ ਲੀਕ, ਸਿੱਖਿਆ ਸੁਧਾਰ ਅਤੇ ਬੇਰੁਜ਼ਗਾਰੀ ਪਿੱਛੇ ਰਹਿ ਸਕਦੇ ਹਨ।

ਵਿਦਿਆਰਥੀ ਸੰਘਰਸ਼ ਸੰਬੰਧੀ ਤਿੰਨ ਤਰ੍ਹਾਂ ਦਾ ਨਜ਼ਰੀਆ ਸਾਹਮਣੇ ਆ ਰਿਹਾ ਹੈ। ਇਕ ਭਾਰਤ ਦੇ ਮੁੱਖ ਧਾਰਾ ਮੀਡੀਆ ਦਾ, ਦੂਸਰਾ ਸੋਸ਼ਲ ਮੀਡੀਆ ਦਾ ਅਤੇ ਤੀਸਰਾ ਗਲੋਬਲ ਮੀਡੀਆ ਦਾ। ਤਿੰਨਾਂ ਵਿਚਲਾ ਅੰਤਰ ਦ੍ਰਿਸ਼ਟੀ ਅਤੇ ਦੂਰੀ ਕਾਰਨ ਹੋ ਸਕਦਾ ਹੈ। ਅੰਦੋਲਨ ਵਿਚ ਹੋ ਰਹੇ ਵੱਡੇ ਅਦਲ ਬਦਲ ਨੂੰ ਵਿਦੇਸ਼ੀ ਮੀਡੀਆ ਪੂਰੀ ਦਿਲਚਸਪੀ ਨਾਲ ਕਵਰ ਕਰ ਰਿਹਾ ਹੈ। ਕੁਝ ਅਖ਼ਬਾਰਾਂ ਨੇ ਮੁੱਖ ਪੰਨੇ ਦੀ ਮੁੱਖ ਸੁਰਖੀ ਬਣਾਉਂਦਿਆਂ ਨਾਲ ਵੱਡੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਇਸਨੂੰ ਨੌਜਵਾਨਾਂ ਦੀ ਅਸੰਤੁਸ਼ਟੀ ਅਤੇ ਨਿਰਾਜ਼ਗੀ ਦਾ ਨਾਂ ਦਿੱਤਾ ਹੈ।

-0-

Leave a Reply

Your email address will not be published. Required fields are marked *