Aug 21, 2026

*ਹਮਲਾਵਰ ਪੁਲਿਸ ਵਲੋਂ ਕਾਬੂ-
ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ 21 ਅਗਸਤ ਦੀ ਸਵੇਰ ਨਿਤਨੇਮ ਦੌਰਾਨ ਹੋਏ ਹਮਲੇ ਵਿੱਚ 2 ਸੇਵਾਦਾਰ ਜ਼ਖਮੀ ਹੋ ਗਏ। ਪੁਲਿਸ ਨੇ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਐਡਮਿੰਟਨ ਪੁਲਿਸ ਨੂੰ ਸ਼ੁੱਕਰਵਾਰ ਸਵੇਰੇ  ਚਾਕੂ ਨਾਲ ਹਮਲੇ ਦੀ ਕਾਲ ਮਿਲੀ ਸੀ। ਨੌਰਥ-ਈਸਟ ਬ੍ਰਾਂਚ ਦੇ ਪਟਰੋਲ ਅਧਿਕਾਰੀ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਅਤੇ ਉਨ੍ਹਾਂ ਮੌਕੇ ‘ਤੇ 2 ਵਿਅਕਤੀਆਂ ਨੂੰ ਚਾਕੂ ਲੱਗਣ ਕਾਰਨ ਜ਼ਖਮੀ ਪਾਇਆ। ਦੋਵਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਦੀ ਹਾਲਤ ਗੰਭੀਰ ਨਹੀਂ ਹੈ। ਪੁਲਿਸ ਨੇ ਮੌਕੇ ‘ਤੇ ਹੀ ਸ਼ੱਕੀ ਹਮਲਾਵਰ ਨੂੰ ਕਾਬੂ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਸੰਗਤ ਵਿੱਚ ਸਹਿਮ ਦਾ ਮਾਹੌਲ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ ਨੂੰ ਆਮ ਸੰਗਤ ਲਈ ਬੰਦ ਕਰ ਦਿੱਤਾ ਹੈ ਅਤੇ ਜਾਂਚ ਜਾਰੀ ਹੈ।
ਇਸੇ ਦੌਰਾਨ ਵਰਲਡ ਸਿੱਖ ਆਰਗੇਨਾਈਜ਼ੇਸ਼ਨ (WSO) ਨੇ ਕਿਹਾ ਹੈ ਕਿ ਉਹ ਇਸ ਘਟਨਾ ਦੇ ਹਾਲਾਤਾਂ ਅਤੇ ਹਮਲੇ ਦੇ ਕਾਰਨਾਂ ਬਾਰੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਨ।
ਦੱਸਣਯੋਗ ਹੈ ਕਿ ਇਹ ਘਟਨਾ ਅਲਬਰਟਾ ਦੀ ਸਿੱਖ ਕਮਿਊਨਿਟੀ ਨਾਲ ਜੁੜੀਆਂ ਹਾਲੀਆ ਕਈ ਘਟਨਾਵਾਂ ਤੋਂ ਬਾਅਦ ਵਾਪਰੀ ਹੈ, ਜਿਸ ਵਿੱਚ ਕੈਲਗਰੀ ਦੇ ਦੋ ਗੁਰੂ ਘਰਾਂ  ਨੂੰ ਢਾਹੁਣ ਦੀਆਂ ਧਮਕੀ ਭਰੀਆਂ ਕਾਲਾਂ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਐਡਮਿੰਟਨ ਦੇ ਇੱਕ ਵਾਲਮਾਰਟ ਵਿੱਚ ਇੱਕ ਸਿੱਖ ਟਰੱਕ ਡਰਾਈਵਰ ‘ਤੇ ਹਮਲੇ ਦੀ ਘਟਨਾ ਸ਼ਾਮਲ ਹੈ।
ਸਿੱਖ ਭਾਈਚਾਰੇ ਨੇ ਵੀ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਪੁਲਿਸ ਜਾਂਚ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *