Aug 24, 2026

ਸਰੀ ( ਦੇ ਪ੍ਰ ਬਿ)-ਬੀਤੇ ਸ਼ਨੀਵਾਰ 22 ਅਗਸਤ ਨੂੰ ਸਰੀ ਫਲੀਟਵੁੱਡ-ਪੋਰਟ ਕੈਲਸ ਤੋਂ ਲਿਬਰਲ ਐਮ ਪੀ ਗੁਰਬਖਸ਼ ਸਿੰਘ ਸੈਣੀ ਵਲੋਂ ਆਪਣੇ ਵੋਟਰਾਂ, ਸਮਰਥਕਾਂ ਅਤੇ ਹਲਕੇ ਦੇ ਲੋਕਾਂ ਲਈ ਸਲਾਨਾ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ। ਸਰੀ ਫਲੀਟਵੁੱਡ ਪਾਰਕ ਵਿਚ ਦੁਪਹਿਰ 12 ਤੋਂ 3 ਵਜੇ ਤੱਕ ਵੱਡੀ ਗਿਣਤੀ ਵਿਚ ਲੋਕਾਂ ਅਤੇ ਉਘੀਆਂ ਹਸਤੀਆਂ ਨੇ ਸ਼ਮੂਲੀਅਤ ਕੀਤੀ ਅਤੇ ਫੂਡ ਅਤੇ ਮਨੋਰੰਜਨ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਇਸ ਮੌਕੇ ਐਮ ਪੀ ਗੁਰਬਖਸ਼ ਸਿੰਘ ਸੈਣੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਪਣੇ ਹਲਕੇ ਦੇ ਕੀਤੇ ਜਾ ਰਹੇ ਕੰਮਾਂ ਅਤੇ ਪ੍ਰਧਾਨ ਮੰਤਰੀ ਕਾਰਨੀ ਦੀ ਅਗਵਾਈ ਹੇਠ ਲਿਬਰਲ ਸਰਕਾਰ ਵਲੋਂ ਇਕ ਮਜਬੂਤ ਕੈਨੇਡਾ ਅਤੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਆਪਣੇ ਮਹਿਮਾਨਾਂ ਲਈ ਖੁਦ ਖਾਣਾ ਪਰੋਸਿਆ ਅਤੇ ਆਪਸੀ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰੀ ਮੇਅਰ ਬਰੈਂਡਾ ਲੌਕ, ਸਾਬਕਾ ਮੇਅਰ ਡੱਗ ਮੈਕਲਮ ਅਤੇ ਕਈ ਹੋਰ ਸ਼ਖਸੀਅਤਾਂ ਨੇ ਵਿਸ਼ੇਸ਼ ਹਾਜ਼ਰੀ ਭਰੀ।

ਸੀਨੀਅਰਜ਼ ਵਲੋਂ ਪਾਰਕ ਵਿਚ ਵਾਸ਼ਰੂਮ ਸਹੂਲਤ ਦੀ ਮੰਗ-

ਇਸ ਦੌਰਾਨ ਫਲੀਟਵੁੱਡ ਪਾਰਕ ਵਿਚ ਸੈਰ ਕਰਨ ਅਤੇ ਵਿਹਲਾ ਸਮਾਂ ਬਿਤਾਉਣ ਵਾਲੇ ਸੀਨੀਅਰਜ਼ ਦੇ ਗਰੁੱਪ ਨੇ ਐਮ ਪੀ ਗੁਰਬਖਸ਼ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਪਾਰਕ ਵਿਚ ਵਾਸ਼ਰੂਮ ਦੀ ਘਾਟ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਵਾਸ਼ਰੂਮ ਦੀ ਸਹੂਲਤ ਨਾ ਹੋਣ ਕਾਰਣ ਇਥੇ ਸੈਰ ਕਰਨ ਵਾਲੇ ਬਜੁਰਗਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ ਸੈਣੀ ਨੇ ਸੀਨੀਅਰਜ ਦੀ ਇਸ ਮੁਸ਼ਕਲ ਦੇ ਹੱਲ ਲਈ ਸਰੀ ਮੇਅਰ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *