Aug 25, 2026

ਕੈਨੇਡਾ -ਅਮਰੀਕਾ ਗੱਲਬਾਤ ਟੁੱਟਣ ਉਪਰੰਤ ਸ਼ਬਦੀ ਬਿਆਨਬਾਜ਼ੀ ਤੇਜ਼-

ਬਰੈਂਪਟਨ (ਸੇਖਾ)-  ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੀ ਨਿੱਜੀ ਟਿੱਪਣੀ ਦਾ ਤਿੱਖਾ ਜਵਾਬ ਦਿੰਦਿਆਂ ਉਨ੍ਹਾਂ ਨੂੰ ‘ਤਾਨਾਸ਼ਾਹ’, ‘ਧੌਂਸਬਾਜ਼’ ਤੇ ਠੱਗ ਕਿਹਾ ਹੈ। ਦੋਵਾਂ ਆਗੂਆਂ ਵਿਚਕਾਰ ਇਹ ਸ਼ਬਦੀ ਟਕਰਾਅ ਕੈਨੇਡਾ ਅਤੇ ਅਮਰੀਕਾ ਦਰਮਿਆਨ ਵਧ ਰਹੇ ਵਪਾਰਕ ਤਣਾਅ ਦੇ ਦੌਰਾਨ ਸਾਹਮਣੇ ਆਇਆ ਹੈ। ਟਰੰਪ ਨੇ ਸੋਮਵਾਰ ਦੁਪਹਿਰ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਟਰੂਥ ਸੋਸ਼ਲ’ ’ਤੇ ਫੋਰਡ ਨੂੰ ਮਰਹੂਮ ਰੌਬ ਫੋਰਡ ਨਾਲੋਂ ‘ਘੱਟ ਕ੍ਰਿਸ਼ਮਈ, ਘੱਟ ਬੁੱਧੀਮਾਨ ਅਤੇ ਪ੍ਰਭਾਵਹੀਣ’ ਦੱਸਿਆ। ਇਹ ਟਿੱਪਣੀ ਫੋਰਡ ਵੱਲੋਂ ਓਟਾਵਾ ਦੇ ਇੱਕ ਰੇਡੀਓ ਇੰਟਰਵਿਊ ਦੌਰਾਨ ਟਰੰਪ ਦੀਆਂ ਵਪਾਰਕ ਨੀਤੀਆਂ ਦੀ ਆਲੋਚਨਾ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਆਈ।

ਹੈਮਿਲਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ ਕਿ ਉਹ ਕਿਸੇ ‘ਤਾਨਾਸ਼ਾਹ’ ਜਾਂ ‘ਧੌਂਸਬਾਜ਼’ ਨੂੰ ਜਵਾਬ ਦੇਣ ਵਿੱਚ ਦਿਲਚਸਪੀ ਨਹੀਂ ਰੱਖਦੇ। ਹਾਲਾਂਕਿ, ਇਸ ਤੋਂ ਬਾਅਦ ਉਨ੍ਹਾਂ ਨੇ ਟਰੰਪ ਦੀਆਂ ਟੈਰਿਫ਼ ਨੀਤੀਆਂ ’ਤੇ ਖੁੱਲ੍ਹ ਕੇ ਹਮਲਾ ਕੀਤਾ। ਫੋਰਡ ਨੇ ਕਿਹਾ ਕਿ ਟਰੰਪ ਵੱਲੋਂ ਲਾਏ ਜਾ ਰਹੇ ਟੈਰਿਫ਼ ਅਸਲ ਵਿੱਚ ਅਮਰੀਕੀ ਲੋਕਾਂ ’ਤੇ ਹੀ ਟੈਕਸ ਦਾ ਬੋਝ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੇ ਵਿਅਕਤੀ ਤੋਂ ਆਰਥਿਕ ਸਲਾਹ ਨਹੀਂ ਲੈਣਗੇ, ਜਿਸ ਦਾ ਕਾਰੋਬਾਰੀ ਰਿਕਾਰਡ ਦੀਵਾਲੀਏਪਣ ਨਾਲ ਜੁੜਿਆ ਰਿਹਾ ਹੈ। ਫੋਰਡ ਨੇ ਕਿਹਾ ਕਿ ਉਹ ਅਮਰੀਕਾ ਦੇ ਗਵਰਨਰਾਂ, ਸੈਨੇਟਰਾਂ ਅਤੇ ਕਾਂਗਰਸ ਮੈਂਬਰਾਂ ਨਾਲ ਸੰਪਰਕ ਕਰਨਗੇ। ਉਨ੍ਹਾਂ ਅਮਰੀਕੀ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਆਉਣ ਵਾਲੀਆਂ ਮਿਡ-ਟਰਮ ਚੋਣਾਂ ਵਿੱਚ ਅਜਿਹੇ ਆਗੂਆਂ ਦੀ ਚੋਣ ਨਾ ਕੀਤੀ ਜਾਵੇ, ਜਿਨ੍ਹਾਂ ਦੀਆਂ ਨੀਤੀਆਂ ਨੌਕਰੀਆਂ ਅਤੇ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।

ਟਰੰਪ ਨੇ ਆਪਣੀ ਪੋਸਟ ਵਿੱਚ ਦਾਅਵਾ ਕੀਤਾ ਕਿ ਕੈਨੇਡਾ ਅਮਰੀਕਾ ਤੋਂ ਬਿਨਾਂ ਨਹੀਂ ਟਿਕ ਸਕਦਾ। ਉਨ੍ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਫੋਰਡ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦੋਵਾਂ ਨੂੰ ‘ਲਾਈਨ ਵਿੱਚ ਆ ਜਾਣਾ ਚਾਹੀਦਾ ਹੈ’, ਨਹੀਂ ਤਾਂ ਕੈਨੇਡਾ ਲਈ ਨਤੀਜੇ ਹੋਰ ਵੀ ਮਾੜੇ ਹੋ ਸਕਦੇ ਹਨ। ਟਰੰਪ ਦੀ ਇਸ ਟਿੱਪਣੀ ਦੇ ਜਵਾਬ ਵਿੱਚ ਫੋਰਡ ਨੇ ਕਿਹਾ, “ਅਸੀਂ ਚੁਣੌਤੀ ਸਵੀਕਾਰ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਰਾਜਨੀਤੀ ਵਿੱਚ ਹਨ ਅਤੇ ਨਿੱਜੀ ਹਮਲਿਆਂ ਨਾਲ ਪ੍ਰਭਾਵਿਤ ਨਹੀਂ ਹੁੰਦੇ। ਫੋਰਡ ਨੇ ਟਰੰਪ ਨੂੰ ‘ਹਾਰਿਆ ਹੋਇਆ ਵਿਅਕਤੀ’ ਵੀ ਕਿਹਾ ਅਤੇ ਸਪੱਸ਼ਟ ਕੀਤਾ ਕਿ ਉਹ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ।

ਦੋਵਾਂ ਆਗੂਆਂ ਵਿਚਕਾਰ ਤਣਾਅ ਦੀ ਮੁੱਖ ਵਜ੍ਹਾ ਟਰੰਪ ਦੀਆਂ ਟੈਰਿਫ਼ ਨੀਤੀਆਂ ਹਨ। ਟਰੰਪ ਵੱਲੋਂ 2027 ਤੱਕ ਕੈਨੇਡਾ ਵਿੱਚ ਬਣੇ ਵਾਹਨਾਂ ’ਤੇ 50 ਫ਼ੀਸਦੀ ਤੱਕ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਗਈ ਹੈ। ਫੋਰਡ ਨੇ ਕਿਹਾ ਕਿ ਕੈਨੇਡਾ ਨੂੰ ਜਵਾਬੀ ਕਾਰਵਾਈ ਲਈ ਬਿਜਲੀ, ਈਂਧਨ, ਪੋਟਾਸ਼ ਅਤੇ ਯੂਰੇਨੀਅਮ ਸਮੇਤ ਸਾਰੇ ਵਿਕਲਪ ਖੁੱਲ੍ਹੇ ਰੱਖਣੇ ਚਾਹੀਦੇ ਹਨ।

Leave a Reply

Your email address will not be published. Required fields are marked *