ਜਲੰਧਰ ( ਜਤਿੰਦਰ)- ਜਲੰਧਰ ਕਮਿਸ਼ਨਰੇਟ ਪੁਲੀਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਅਮਰੀਕਾ ਦੀ ਸੰਘੀ ਜਾਸੂਸੀ ਏਜੰਸੀ ਐੱਫ.ਬੀ.ਆਈ. ਵੱਲੋਂ ਮੋਸਟ ਵਾਂਟੇਡ ਐਲਾਨੇ ਗਏ ਭਗੌੜੇ ਮਨਜੀਤ ਸਿੰਘ ਬੇਦੀ (65) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿੱਚ ਲਗਭਗ 6 ਲੱਖ ਅਮਰੀਕੀ ਡਾਲਰ (ਕਰੀਬ 5.3 ਕਰੋੜ ਰੁਪਏ) ਦੇ ‘ਸਨੈਪ’ ਸਰਕਾਰੀ ਰਾਸ਼ਨ ਭੱਤਾ ਘਪਲੇ ਵਿੱਚ ਨਾਮਜ਼ਦ ਸੀ ਅਤੇ ਅਪਰੈਲ 2026 ਵਿੱਚ ਕਾਨੂੰਨ ਤੋਂ ਬਚਣ ਲਈ ਕੈਨੇਡਾ ਦੇ ਰਸਤੇ ਭਾਰਤ ਭੱਜ ਆਇਆ ਸੀ।
ਜਲੰਧਰ ਦੇ ਗੁਲਾਬ ਦੇਵੀ ਰੋਡ ਸਥਿਤ ਅਮਨ ਨਗਰ ਦੇ ਰਹਿਣ ਵਾਲੇ ਬੇਦੀ ਨੂੰ ਨਗਰ ਪੁਲੀਸ ਨੇ ਸ਼ੁੱਕਰਵਾਰ ਨੂੰ ਪਰਾਗਪੁਰ ਇਲਾਕੇ ਤੋਂ ਧਰ ਦਬੋਚਿਆ। ਪੁਲੀਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਬੇਦੀ ਖ਼ਿਲਾਫ਼ ਇਸੇ ਸਾਲ 16 ਮਈ ਨੂੰ ਜਲੰਧਰ ਦੇ ਰਾਮਾ ਮੰਡੀ ਥਾਣੇ ਵਿੱਚ ਬੀ.ਐੱਨ.ਐੱਸ. (BNS) ਦੀ ਧਾਰਾ 316(2) (ਅਮਾਨਤ ਵਿੱਚ ਖਿਆਨਤ), 318(4) (ਧੋਖਾਧੜੀ) ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਦੀ ਧਾਰਾ 13 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਅਧੀਨ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਪੁਲੀਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਬੇਦੀ ਸਾਲ 2019 ਵਿੱਚ ਅਮਰੀਕਾ ਗਿਆ ਸੀ, ਜਦੋਂਕਿ ਇਸ ਤੋਂ ਪਹਿਲਾਂ ਉਹ ਜਲੰਧਰ ਵਿੱਚ ਹੀ ਟਰਾਂਸਪੋਰਟ ਦਾ ਕਾਰੋਬਾਰ ਚਲਾਉਂਦਾ ਸੀ। ਉਹ ਅਮਰੀਕੀ ਪਾਸਪੋਰਟ ਧਾਰਕ ਹੈ ਅਤੇ ਉਸ ਦੇ ਦੋਵੇਂ ਪੁੱਤਰ ਵੀ ਅਮਰੀਕਾ ਵਿੱਚ ਹੀ ਪੱਕੇ ਤੌਰ ’ਤੇ ਵੱਸੇ ਹੋਏ ਹਨ।ਐੱਫ.ਬੀ.ਆਈ. ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਬੇਦੀ ਵਾਸ਼ਿੰਗਟਨ ਦੇ ਟਾਕੋਮਾ ਸ਼ਹਿਰ ਵਿੱਚ ‘ਏਸ਼ੀਅਨ ਗਰੋਸਰੀ ਸਟੋਰ’ ਚਲਾਉਂਦਾ ਸੀ। ਉਸ ਦੇ ਸਟੋਰ ਨੂੰ ਫਰਵਰੀ 2024 ਵਿੱਚ ‘ਈ.ਬੀ.ਟੀ. (EBT) ਕਾਰਡਾਂ ਰਾਹੀਂ ਸਰਕਾਰੀ ਖੁਰਾਕ ਸਹਾਇਤਾ ਪ੍ਰੋਗਰਾਮ (SNAP) ਦੇ ਭੱਤੇ ਸਵੀਕਾਰ ਕਰਨ ਦੀ ਮਨਜ਼ੂਰੀ ਮਿਲੀ ਸੀ। ਦੋਸ਼ ਹਨ ਕਿ ਮਾਰਚ 2024 ਤੋਂ ਜੂਨ 2025 ਦਰਮਿਆਨ ਬੇਦੀ ਨੇ ਸਾਮਾਨ ਵੇਚਣ ਦੀ ਬਜਾਏ ਨਕਦੀ ਦੇਣ ਦਾ ਗੈਰ-ਕਾਨੂੰਨੀ ਧੰਦਾ ਸ਼ੁਰੂ ਕਰ ਦਿੱਤਾ। ਉਹ ਗਾਹਕਾਂ ਦੇ ਈ.ਬੀ.ਟੀ. ਕਾਰਡ ਵਿੱਚੋਂ ਪੂਰੇ ਪੈਸੇ ਸਵਾਈਪ ਕਰ ਲੈਂਦਾ ਸੀ, ਪਰ ਉਨ੍ਹਾਂ ਨੂੰ ਅੱਧੀ ਰਕਮ ਨਕਦ ਦੇ ਕੇ ਬਾਕੀ ਅੱਧੀ ਰਕਮ ਆਪਣੀ ਜੇਬ ਵਿੱਚ ਪਾ ਲੈਂਦਾ ਸੀ। ਉਦਾਹਰਣ ਵਜੋਂ 200 ਡਾਲਰ ਸਵਾਈਪ ਕਰਨ ’ਤੇ ਉਹ ਗਾਹਕ ਨੂੰ 100 ਡਾਲਰ ਦਿੰਦਾ ਸੀ ਅਤੇ 100 ਡਾਲਰ ਖੁਦ ਰੱਖ ਲੈਂਦਾ ਸੀ। ਇਸ ਤਰ੍ਹਾਂ ਉਸ ਨੇ ਬਿਨਾਂ ਕੋਈ ਖਾਣ-ਪੀਣ ਦਾ ਸਾਮਾਨ ਵੇਚੇ 6 ਲੱਖ ਡਾਲਰ ਤੋਂ ਵੱਧ ਦੀ ਰਕਮ ਹੜੱਪ ਲਈ।
