ਵਕੀਲ ਨੇ ਪੁਲਿਸ ਜਾਂਚ ਵਿਚ ਇਮਾਨਦਾਰੀ ਤੇ ਸਵਾਲ ਉਠਾਏ-ਦੋਸਾਂਝ ਦੀ ਅਦਾਲਤ ਵਿਚ ਪੇਸ਼ੀ 17 ਸਤੰਬਰ ਨੂੰ-
ਵੈਨਕੂਵਰ ( ਦੇ ਪ੍ਰ ਬਿ) ਸਰੀ-ਅਧਾਰਿਤ ਕਿਡਜ਼ਪਲੇ ਫਾਊਂਡੇਸ਼ਨ ਦੇ ਸੰਸਥਾਪਕ, ਸੀਈਓ ਅਤੇ ਵੈਨਕੂਵਰ ਪੁਲਿਸ ਦੇ ਮੁਅੱਤਲ ਅਧਿਕਾਰੀ ਕੈਲ ਦੋਸਾਂਝ ਜੋ ਧੋਖਾਧੜੀ ਅਤੇ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਨੇ ਇਥੇ ਜਾਰੀ ਇਕ ਬਿਆਨ ਰਾਹੀਂ ਆਪਣੇ ਵਿਰੁੱਧ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਕੈਲ ਦੋਸਾਂਝ ਜੋ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਵੈਨਕੂਵਰ ਪੁਲਿਸ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ ਅਤੇ ਵਿੱਤੀ ਅਪਰਾਧ ਯੂਨਿਟ ਵਿੱਚ ਇਕ ਸੀਨੀਅਰ ਡਿਟੈਕਟਿਵ ਅਫਸਰ ਸੀ ਦੇ ਵਿਰੁਧ ਵੈਨਕੂਵਰ ਪੁਲਿਸ ਨੇ ਇਕ ਲੰਬੀ ਜਾਂਚ ਉਪਰੰਤ 3 ਸਤੰਬਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ 19 ਨਿਵੇਸ਼ਕਾਂ ਨਾਲ ਧੋਖਾਧੜੀ ਕਰਨ ਅਤੇ ਵੱਖ ਵੱਖ ਧਾਰਾਵਾਂ ਤਹਿਤ 9 ਦੋਸ਼ ਲਗਾਏ ਸਨ।
ਕਈ ਸ਼ਰਤਾਂ ਤਹਿਤ ਪੁਲਿਸ ਹਿਰਾਸਤ ਚੋਂ ਰਿਹਾਅ ਹੋਏ ਕੈਲ ਦੋਸਾਂਝ ਨੇ ਆਪਣੇ ਵਕੀਲ, ਜੋਵੇਨ ਨਰਵਾਲ ਰਾਹੀਂ ਇੱਕ ਬਿਆਨ ਵਿਚ ਕਿਹਾ ਹੈ ਕਿ “ਮੈਂ ਆਪਣੇ ਵਿਰੁੱਧ ਦੋਸ਼ਾਂ ਤੋਂ ਇਨਕਾਰ ਕਰਦਾ ਹਾਂ ਅਤੇ ਮੈਂ ਅਦਾਲਤ ਵਿੱਚ ਆਪਣਾ ਪੱਖ ਰੱਖਾਂਗਾ। ਉਸਨੇ ਹੋਰ ਕਿਹਾ ਕਿ ਮੈਨੂੁੰ ਆਪਣੇ ਕਾਨੂੰਨੀ ਵਕੀਲ ਅਤੇ ਕੈਨੇਡੀਅਨ ਨਿਆਂ ਪ੍ਰਣਾਲੀ ਵਿੱਚ ਪੂਰਾ ਭਰੋਸਾ ਹੈ, ਅਤੇ ਮੈਂ ਸਬੂਤਾਂ ਅਤੇ ਤੱਥਾਂ ਨੂੰ ਆਪਣੀ ਬੇਗੁਨਾਹੀ ਲਈ ਪੇਸ਼ ਕਰਾਂਗਾ। ਉਸਨੇ ਹੋਰ ਕਿਹਾ ਕਿ “ਮੈਂ ਆਪਣੀ ਜ਼ਿੰਦਗੀ ਦੇ 26 ਸਾਲਾਂ ਤੋਂ ਵੱਧ ਇਸ ਭਾਈਚਾਰੇ ਦੀ ਸੇਵਾ ਲਈ ਸਮਰਪਿਤ ਕੀਤੇ ਹਨ। ਇਹ ਕੰਮ ਮੇਰੇ ਲਈ ਬਹੁਤ ਮਹੱਤਵਪੂਰਨ ਹੈ, ਅਤੇ ਮੈਂ ਉਸ ਭਾਈਚਾਰੇ ਦੀ ਸੇਵਾ ਜਾਰੀ ਰੱਖਣ ਦਾ ਇਰਾਦਾ ਰੱਖਦਾ ਹਾਂ ਜਿਸਦੀ ਮੈਂ ਇੰਨੇ ਸਾਲਾਂ ਤੋਂ ਸੇਵਾ ਕੀਤੀ ਹੈ।
ਦੋਸਾਂਝ ਦੇ ਵਕੀਲ, ਜੋਵਨ ਨਰਵਾਲ ਨੇ ਪੁਲਿਸ ਜਾਂਚ ਦੀ ਇਮਾਨਦਾਰੀ ‘ਤੇ ਵੀ ਸਵਾਲ ਉਠਾਏ ਹਨ । ਉਸਦਾ ਕਹਿਣਾ ਹੈ ਕਿ “ਇਹ ਜਾਂਚ ਦੀ ਸੁਤੰਤਰਤਾ, ਨਿਰਪੱਖਤਾ ਅਤੇ ਪੁਲਿਸ ਵਿਭਾਗ ਦੁਆਰਾ ਆਪਣੇ ਹੀ ਕਿਸੇ ਮੈਂਬਰ ਦੀ ਜਾਂਚ ਕਰਨ ਵੇਲੇ ਵਰਤੇ ਜਾਣ ਵਾਲੇ ਸੁਰੱਖਿਆ ਉਪਾਵਾਂ ਬਾਰੇ ਜਾਇਜ਼ ਚਿੰਤਾਵਾਂ ਪੈਦਾ ਕਰਦੀ ਹੈ। ਇਹ ਮਾਮਲਾ ਹੁਣ ਇੱਕ ਖੁੱਲ੍ਹੀ ਅਤੇ ਸੁਤੰਤਰ ਅਦਾਲਤੀ ਪ੍ਰਕਿਰਿਆ ਵਿੱਚ ਜਾ ਰਿਹਾ ਹੈ ਜਿੱਥੇ ਸਬੂਤ, ਦੋਸ਼ਾਂ ਅਤੇ ਜਾਂਚ ਦੇ ਸੰਚਾਲਨ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾ ਸਕਦੀ ਹੈ। ਜਿਕਰਯੋਗ ਹੈ ਕਿ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਵੈਨਕੂਵਰ ਪੁਲਿਸ ਮੁਖੀ ਸਟੀਵ ਰਾਏ ਨੂੰ ਪੁੱਛਿਆ ਸੀ ਕਿ ਕੀ ਵੈਨਕੂਵਰ ਪੁਲਿਸ ਵਲੋਂ ਆਪਣੇ ਹੀ ਅਧਿਕਾਰੀ ਖਿਲਾਫ ਜਾਂਚ ਹਿੱਤਾਂ ਦਾ ਟਕਰਾਅ ਤਾਂ ਨਹੀਂ। ਜਿਸਤੇ ਉਹਨਾਂ ਨੇ ਇਸ ਜਾਂਚ ਅਤੇ ਇਸਦੇ ਤਰੀਕਾਕਾਰ ਨੂੰ ਸਹੀ ਦੱਸਿਆ ਸੀ।
ਕੈਲ ਦੋਸਾਂਝ ਦੀ 17 ਸਤੰਬਰ ਨੂੰ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ੀ ਤੈਅ ਹੈ।
