Sep 14, 2026

ਪਰਿਵਾਰਾਂ ਦੀ ਸੁਰੱਖਿਆ, ਕਾਰੋਬਾਰਾਂ ਲਈ ਸੁਖਾਵਾਂ ਮਾਹੌਲ, ਨੌਜਵਾਨਾਂ ਲਈ ਸਹੂਲਤਾਂ, ਆਵਾਜਾਈ, ਰਿਹਾਇਸ਼ ਅਤੇ ਕਮਿਊਨਿਟੀ ਸੇਵਾਵਾਂ ਬਣੇ ਮੁੱਖ ਚੋਣ ਮੁੱਦੇ-

ਹਰਦਮ ਮਾਨ

ਸਰੀ, 14 ਸਤੰਬਰ 2026-ਸਰੀ ਦੀ 2026 ਮਿਊਂਸਪਲ ਚੋਣ ਲਈ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। 17 ਅਕਤੂਬਰ ਨੂੰ ਹੋਣ ਵਾਲੀ ਇਸ ਚੋਣ ਵਿੱਚ ਸਰੀ ਦੇ ਵੋਟਰ ਮੇਅਰ ਦੀ ਇੱਕ, ਸਿਟੀ ਕੌਂਸਲ ਦੀਆਂ 8 ਅਤੇ ਸਕੂਲ ਡਿਸਟ੍ਰਿਕਟ ਦੀਆਂ 6 ਟਰੱਸਟੀ ਸੀਟਾਂ ਲਈ ਆਪਣੇ ਨੁਮਾਇੰਦੇ ਚੁਣਨਗੇ। ਸਿਟੀ ਆਫ਼ ਸਰੀ ਵੱਲੋਂ ਜਾਰੀ ਅਧਿਕਾਰਤ ਸੂਚੀ ਅਨੁਸਾਰ ਮੇਅਰ ਦੀ ਦੌੜ ਵਿੱਚ 7 ਉਮੀਦਵਾਰ ਮੈਦਾਨ ਵਿੱਚ ਹਨ, ਕੌਂਸਲਰਾਂ ਦੀ ਚੋਣ ਲਈ 67 ਅਤੇ ਸਕੂਲ ਟਰੱਸਟੀ ਦੀਆਂ ਸੀਟਾਂ ਲਈ 26 ਉਮੀਦਵਾਰ ਚੋਣ ਲੜ ਰਹੇ ਹਨ।

ਮੇਅਰ ਦੀ ਚੋਣ ਇਸ ਵਾਰ ਖਾਸ ਤੌਰ ’ਤੇ ਦਿਲਚਸਪ ਬਣੀ ਹੋਈ ਹੈ। ਇਸ ਅਹੁਦੇ ਲਈ ਇਗਲ ਐਮਨਜ਼ ਦੂਜਾ, ਲਿੰਡਾ ਐਨਿਸ, ਮੌਜੂਦਾ ਮੇਅਰ ਬਰੈਂਡਾ ਲੌਕ, ਸਾਬਕਾ ਮੇਅਰ ਡੱਗ ਮੈਕਲਮ, ਹੋਨਵੀਰ ਸਿੰਘ ਰੰਧਾਵਾ, ਮਾਈਕ ਸਟਾਰਚੁਕ ਅਤੇ ਟਰੌਇ ਵੈਨ-ਵਲੀਟ ਮੈਦਾਨ ਵਿੱਚ ਹਨ।

ਮੌਜੂਦਾ ਮੇਅਰ ਬਰੈਂਡਾ ਲੌਕ ਮੁੜ ਮੇਅਰ ਦੀ ਕੁਰਸੀ ਹਾਸਲ ਕਰਨ ਲਈ ਚੋਣ ਲੜ ਰਹੀ ਹੈ। ਉਨ੍ਹਾਂ ਦੀ ਮੁਹਿੰਮ ਵਿੱਚ ਪੁਲਿਸ ਅਤੇ ਫਾਇਰ ਸੇਵਾਵਾਂ ਵਿੱਚ ਨਿਵੇਸ਼, ਟੈਕਸਾਂ ਨੂੰ ਕਾਬੂ ਵਿੱਚ ਰੱਖਣ, ਬੁਨਿਆਦੀ ਢਾਂਚੇ, ਰਿਹਾਇਸ਼ ਅਤੇ ਕਮਿਊਨਿਟੀ ਸੇਵਾਵਾਂ ਵਰਗੇ ਮੁੱਦੇ ਪ੍ਰਮੁੱਖ ਹਨ। ਦੂਜੇ ਪਾਸੇ ਸਰੀ ਸਿਟੀ ਕੌਂਸਲ ਦੀ ਸਾਬਕਾ ਮੈਂਬਰ ਲਿੰਡਾ ਐਨਿਸ ਵੀ ਮੇਅਰ ਦੀ ਦੌੜ ਵਿੱਚ ਮਜ਼ਬੂਤ ਉਮੀਦਵਾਰ ਵਜੋਂ ਸਾਹਮਣੇ ਆਈ ਹੈ। ਐਨਿਸ ਸੁਰੱਖਿਆ, ਵਿੱਤੀ ਪਾਰਦਰਸ਼ਤਾ ਅਤੇ ਸਿਟੀ ਦੇ ਵੱਡੇ ਪ੍ਰਾਜੈਕਟਾਂ ਉੱਤੇ ਖਰਚਿਆਂ ਦੀ ਸਮੀਖਿਆ ਨੂੰ ਆਪਣੀ ਮੁਹਿੰਮ ਦਾ ਅਹਿਮ ਹਿੱਸਾ ਬਣਾ ਰਹੀ ਹੈ।

ਸਾਬਕਾ ਮੇਅਰ ਡੱਗ ਮੈਕਕਲਮ ਵੀ ਇਸ ਚੋਣ ਰਾਹੀਂ ਸਰੀ ਦੀ ਸਿਆਸਤ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਚੋਣ ਵਾਅਦਿਆਂ ਵਿੱਚ ਕਿੰਗ ਜੌਰਜ ਬੁਲੇਵਾਰਡ ਤੋਂ ਨਿਊਟਨ ਤੱਕ ਸਕਾਈਟ੍ਰੇਨ ਦਾ ਵਿਸਥਾਰ, ਚਾਰ ਸਾਲਾਂ ਲਈ ਜਾਇਦਾਦ ਟੈਕਸ ਵਿੱਚ ਜ਼ੀਰੋ ਪ੍ਰਤੀਸ਼ਤ ਵਾਧਾ, ਅਪਰਾਧ ਅਤੇ ਐਕਸਟੌਰਸ਼ਨ ਵਿਰੁੱਧ ਸਖ਼ਤ ਕਾਰਵਾਈ ਅਤੇ ਸਰੀ ਪੁਲਿਸ ਦੀ ਹੈਲੀਕਾਪਟਰ ਤੇ ਡਰੋਨ ਸਮਰੱਥਾ ਵਧਾਉਣ ਵਰਗੇ ਮੁੱਦੇ ਸ਼ਾਮਲ ਹਨ।

ਕੰਜ਼ਰਵੇਟਿਵ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਵੀ ਮੇਅਰ ਦੀ ਦੌੜ ਨੂੰ ਤਿੱਖਾ ਕਰ ਦਿੱਤਾ ਹੈ। ਸਰੀ ਵਿੱਚ ਬਚਪਨ ਤੋਂ ਰਹਿ ਰਹੇ ਰੰਧਾਵਾ ਪੇਸ਼ੇ ਵਜੋਂ ਵਕੀਲ ਹਨ ਅਤੇ ਆਪਣੀ ਮੁਹਿੰਮ ਵਿੱਚ ਸੁਰੱਖਿਅਤ ਸੜਕਾਂ, ਘੱਟ ਟੈਕਸਾਂ ਅਤੇ ਜਵਾਬਦੇਹ ਪ੍ਰਸ਼ਾਸਨ ਦੀ ਗੱਲ ਕਰ ਰਹੇ ਹਨ।

ਸਾਬਕਾ ਸਰੀ ਫਾਇਰ ਸਰਵਿਸ ਅਧਿਕਾਰੀ, ਸਾਬਕਾ ਕੌਂਸਲਰ ਅਤੇ ਸਾਬਕਾ ਐਮ.ਐਲ.ਏ. ਮਾਈਕ ਸਟਾਰਚੁਕ ਵੀ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਉਹ ਸਰੀ ਨੂੰ ਵਧੇਰੇ ਸੁਰੱਖਿਅਤ, ਤੇਜ਼ ਆਵਾਜਾਈ ਵਾਲਾ, ਘੱਟ ਭੀੜ-ਭੜੱਕੇ ਵਾਲਾ ਅਤੇ ਕਿਫਾਇਤੀ ਸ਼ਹਿਰ ਬਣਾਉਣ ਨੂੰ ਆਪਣੀ ਮੁਹਿੰਮ ਦਾ ਕੇਂਦਰ ਦੱਸ ਰਹੇ ਹਨ।

ਕਾਰੋਬਾਰੀ ਅਤੇ ਬਿਲਡਰ ਟਰੌਇ ਵੈਨ-ਵਲੀਟ ਵੀ ਮੇਅਰ ਦੀ ਚੋਣ ਵਿੱਚ ਮੈਦਾਨ ਵਿੱਚ ਹਨ। ਉਨ੍ਹਾਂ ਦੀ ਮੁਹਿੰਮ ਵਿੱਚ ਸੁਰੱਖਿਆ, ਰਿਹਾਇਸ਼, ਪਰਿਵਾਰਾਂ ਲਈ ਸਹੂਲਤਾਂ, ਕਾਰੋਬਾਰ-ਪੱਖੀ ਨੀਤੀਆਂ ਅਤੇ ਸ਼ਹਿਰ ਦੇ ਵਿਕਾਸ ਲਈ ਯੋਜਨਾਬੱਧ ਪਹੁੰਚ ਵਰਗੇ ਮੁੱਦੇ ਉਭਾਰੇ ਜਾ ਰਹੇ ਹਨ।

ਇਸ ਵਾਰ ਦੀ ਚੋਣ ਵਿੱਚ ਸਭ ਤੋਂ ਵੱਡਾ ਮੁੱਦਾ ਸਰੀ ਵਾਸੀਆਂ ਲਈ ਸੁਰੱਖਿਆ ਦਾ ਬਣਿਆ ਹੋਇਆ ਹੈ। ਐਕਸਟੌਰਸ਼ਨ, ਗੈਂਗ ਹਿੰਸਾ, ਨਸ਼ਿਆਂ ਨਾਲ ਜੁੜੀ ਅਪਰਾਧਿਕ ਸਰਗਰਮੀ ਅਤੇ ਸਰੀ ਪੁਲਿਸ ਸਰਵਿਸ ਦੀ ਭੂਮਿਕਾ ਬਾਰੇ ਵੱਖ-ਵੱਖ ਉਮੀਦਵਾਰ ਆਪੋ-ਆਪਣੇ ਹੱਲ ਪੇਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਜਾਇਦਾਦ ਟੈਕਸ, ਘਰਾਂ ਦੀ ਵਧਦੀ ਕੀਮਤ, ਰਿਹਾਇਸ਼ ਦੀ ਘਾਟ, ਟ੍ਰੈਫਿਕ ਦੀ ਸਮੱਸਿਆ, ਸਕਾਈਟ੍ਰੇਨ ਦਾ ਵਿਸਥਾਰ ਅਤੇ ਸੜਕਾਂ ਤੇ ਹੋਰ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਚੋਣ ਦੇ ਕੇਂਦਰੀ ਮੁੱਦੇ ਬਣੇ ਹੋਏ ਹਨ।

ਸਰੀ ਵਿੱਚ ਚੱਲ ਰਹੇ ਵੱਡੇ ਵਿਕਾਸ ਪ੍ਰਾਜੈਕਟ ਅਤੇ ਸਿਟੀ ਦੇ ਖਰਚੇ ਵੀ ਚੋਣ ਮੁਹਿੰਮ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਮੀਦਵਾਰਾਂ ਵਿੱਚ ਇਸ ਗੱਲ ਨੂੰ ਲੈ ਕੇ ਵੱਖ-ਵੱਖ ਵਿਚਾਰ ਹਨ ਕਿ ਸ਼ਹਿਰ ਨੂੰ ਵੱਡੇ ਪ੍ਰਾਜੈਕਟਾਂ ਉੱਤੇ ਕਿੰਨਾ ਖਰਚ ਕਰਨਾ ਚਾਹੀਦਾ ਹੈ ਅਤੇ ਇਸ ਦਾ ਬੋਝ ਟੈਕਸਦਾਤਿਆਂ ਉੱਤੇ ਕਿੰਨਾ ਪੈਣਾ ਚਾਹੀਦਾ ਹੈ। ਸ਼ਹਿਰ ਵੱਲੋਂ ਸਿਟੀ ਸੈਂਟਰ ਵਿੱਚ 10,000 ਸੀਟਾਂ ਵਾਲੇ ਅਰੇਨਾ ਅਤੇ ਐਂਟਰਟੇਨਮੈਂਟ ਡਿਸਟ੍ਰਿਕਟ ਦੀ ਯੋਜਨਾ ਵੀ ਚੋਣ ਬਹਿਸ ਦਾ ਇੱਕ ਅਹਿਮ ਹਿੱਸਾ ਬਣੀ ਹੋਈ ਹੈ।

ਕੌਂਸਲ ਦੀਆਂ ਅੱਠ ਸੀਟਾਂ ਲਈ ਮੁਕਾਬਲਾ ਵੀ ਕਾਫ਼ੀ ਦਿਲਚਸਪ ਹੈ। ਸਿਟੀ ਆਫ਼ ਸਰੀ ਦੀ ਮੌਜੂਦਾ ਅਧਿਕਾਰਤ ਸੂਚੀ ਵਿੱਚ 65 ਕੌਂਸਲਰ ਉਮੀਦਵਾਰ ਦਰਜ ਹਨ। ਇਨ੍ਹਾਂ ਵਿੱਚ ਇੰਤਖਾਬ ਅਹਿਮਦ, ਯੂਸਫ਼ ਅਲਦਾਬੈਨਾ-ਬਰਾਕਤ, ਲੀਸਾ ਡਾਨ ਐਲੈਕਸਿਸ, ਡੈਬਰਾ ਐਂਟੀਫੇਵ, ਹੈਰੀ ਬੈਂਸ, ਰਿੱਕੀ ਬਾਜਵਾ, ਗੇਲ ਬੇਜ਼ਡੇਸ, ਮਾਈਕ ਬੋਸ, ਜੈਨੇਟ ਬਰਾਊਨ, ਫਿਲਿਪ ਕਾਰਲੈੱਸ, ਡੈਨ ਬੀ. ਕਾਰਲੋਸ, ਚੰਦਨ ਚਾਹਲ, ਲੀਅਨਾ ਚੈਟਵਿਨ, ਬਿਲਾਲ ਚੀਮਾ, ਪਰਮਿੰਦਰ ਚੋਹਾਨ, ਚੇਨੀ ਕਲੋਕ, ਆਇਜ਼ਕ ਡੈਨੀਅਲ, ਇਆਨ ਡੀ ਹੂਗ, ਨਰੀਮਾ ਡੇਲਾ ਕਰੂਜ਼, ਓਲਿਵਰ ਡਿਕਸਨ, ਮੈਸੀਆ ਡਿਟਸ਼ਿੰਬਾ, ਮਾਈਕਲ ਡਨ, ਡੱਗ ਐਲਫੋਰਡ, ਮੀਰਾ ਗਿੱਲ, ਰਾਹੁਲ ਗਿੱਲ, ਸੁਹਾਨਾ ਗਿੱਲ, ਜਸਰੂਪ ਗੋਸਲ, ਲੌਰੀ ਗੁਏਰਾ, ਅਸ਼ਿਆਨਾ ਹਨੀਫ਼, ਗੌਰਡ ਹੈਪਨਰ, ਕ੍ਰਿਸਟੋਫਰ ਆਰ. ਹੌਫਮੈਨ, ਮੇਹਨਾਜ਼ ਜਾਵੇਦ, ਜੈਸੀ ਜੌਹਲ, ਐਮਿਲੀ ਕੈਨੇਡੀ, ਯੂਸਫ਼ ਖੱਟਾਬ, ਬਰੈਡ ਕੀਲਮੈਨ, ਪਰਦੀਪ ਕੂਨਰ, ਵੇਰਾ ਲੈਫਰਾਂਕ, ਵਿਲੀਅਮ ਲੀ, ਮਾਰਗਰੇਟ ਮੁਬਾਂਡਾ, ਮਨਦੀਪ ਸਿੰਘ ਨਾਗਰਾ, ਗਗਨ ਨਾਹਲ, ਐਲਿਸਨ ਪੈਟਨ, ਐਨਰਿਕ ਪੋਂਸ ਡੀ ਲਿਓਨ, ਕੋਰਡਲ ਪੁਲਰ, ਜਿਮੀ ਰੀਕੋ, ਟੌਮ ਸੈਡ, ਮਨੂ ਸ਼ਰਮਾ, ਬਿਊ ਸਿੰਪਸਨ, ਮੈਥਿਊ ਜੇ. ਸਮੈਡ, ਵਰਨਰ ਸਪੈਂਗਲ, ਕਲਿੰਟ ਸਟੀਵਰਟ, ਰੌਬ ਸਟੱਟ, ਰੋਨਾ ਟੈਪਰ, ਮਿਗੁਏਲ ਟਿੰਗ, ਲਿਲੀ ਤਸੀ, ਵਿਕ ਉੱਪਲ, ਕੈਲਵਿਨ ਵੈਂਡਰਪਲੋਇਗ, ਸ਼ੀਨਾ ਵਰਮਾਨੀ, ਨੋਏਮੀ ਵਿਕਟੋਰੀਨੋ, ਕੇਵਿਨ ਵਿਲਕੀ, ਮਿਲਾ ਵੋਂਗ-ਕਬੁਸ਼, ਡੋਨਾ ਵੂ, ਜੇਮਜ਼ ਯੂ ਅਤੇ ਸਲਮਾਨ ਜ਼ਫ਼ਰ ਸ਼ਾਮਲ ਹਨ।

ਕੌਂਸਲ ਦੀ ਇਸ ਦੌੜ ਵਿੱਚ ਪੰਜਾਬੀ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਨਾਲ ਜੁੜੇ ਕਈ ਜਾਣੇ-ਪਛਾਣੇ ਨਾਮ ਵੀ ਨਜ਼ਰ ਆ ਰਹੇ ਹਨ। ਹੈਰੀ ਬੈਂਸ, ਰਿੱਕੀ ਬਾਜਵਾ, ਬਿਲਾਲ ਚੀਮਾ, ਪਰਮਿੰਦਰ ਚੋਹਾਨ, ਜਸਰੂਪ ਗੋਸਲ, ਮਨਦੀਪ ਸਿੰਘ ਨਾਗਰਾ, ਗਗਨ ਨਾਹਲ, ਪਰਦੀਪ ਕੂਨਰ, ਮੀਰਾ ਗਿੱਲ, ਰਾਹੁਲ ਗਿੱਲ, ਸੁਹਾਨਾ ਗਿੱਲ, ਅਸ਼ਿਆਨਾ ਹਨੀਫ਼ ਅਤੇ ਸ਼ੀਨਾ ਵਰਮਾਨੀ ਸਮੇਤ ਕਈ ਉਮੀਦਵਾਰ ਵੱਖ-ਵੱਖ ਭਾਈਚਾਰਕ ਅਤੇ ਜਨਤਕ ਸਰਗਰਮੀਆਂ ਕਾਰਨ ਵੀ ਚਰਚਾ ਵਿੱਚ ਹਨ।

ਸਕੂਲ ਟਰੱਸਟੀ ਦੀਆਂ ਛੇ ਸੀਟਾਂ ਲਈ ਵੀ 25 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਟੈਰੀ ਐਲਨ, ਜੌਨ ਬੈਨੋਵਿਚ, ਹਰਜੀਤ ਭੁੱਲਰ, ਅੰਮ੍ਰਿਤ ਬਿਰਿੰਗ, ਮਿਸ਼ੈਲ ਸੇਨੀਜ਼ਾ, ਗੁਰਲੀਨ ਕੇ. ਚਾਹਲ, ਨੂਰ ਚੀਮਾ, ਰੋਹਿਤ ਡੀ’ਸਿਲਵਾ, ਤਾਤਿਆਨਾ ਡਾ ਸਿਲਵਾ, ਵੈਨੈੱਸਾ ਗਿਲੇਰਾ, ਗੈਰੀ ਬੀ. ਹੀ, ਬੌਬ ਹੋਮਜ਼, ਕਾਇਲ ਜੋਨਜ਼, ਸੁਸ਼ਾ ਕੈਸਿਡੀ ਜੋਨਜ਼, ਵਿਕ ਕਰਨ, ਮੀਨਾ ਕੋਚਰ, ਲੌਰੀ ਲਾਰਸਨ, ਗੁਲਾਮ ਮੁਜਤਬਾ, ਅਫਜ਼ਲੁਰ ਰਹਿਮਾਨ, ਗੈਰੀ ਥਿੰਦ, ਵਿਨਸੈਂਟ ਟਾਈਘ, ਗੈਰੀ ਟਾਇਮੋਸ਼ੁਕ, ਵੈਨਸਨ ਵਾਂਗ, ਐਨ ਵਿਟਮੋਰ ਅਤੇ ਸ਼ੌਨ ਵਿਲਸਨ ਸ਼ਾਮਲ ਹਨ।

ਸਕੂਲ ਟਰੱਸਟੀਆਂ ਦੀ ਚੋਣ ਵੀ ਸਰੀ ਦੇ ਪਰਿਵਾਰਾਂ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਚੁਣੇ ਜਾਣ ਵਾਲੇ ਟਰੱਸਟੀ ਸਕੂਲ ਡਿਸਟ੍ਰਿਕਟ ਦੀਆਂ ਨੀਤੀਆਂ, ਬਜਟ, ਵਿਦਿਅਕ ਤਰਜੀਹਾਂ ਅਤੇ ਵਧ ਰਹੀ ਵਿਦਿਆਰਥੀ ਗਿਣਤੀ ਨਾਲ ਸਬੰਧਤ ਫ਼ੈਸਲਿਆਂ ਵਿੱਚ ਭੂਮਿਕਾ ਨਿਭਾਉਣਗੇ। ਸਰੀ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਕਾਰਨ ਸਕੂਲਾਂ ਵਿੱਚ ਥਾਂ, ਨਵੀਆਂ ਸਕੂਲ ਇਮਾਰਤਾਂ, ਵਿਦਿਆਰਥੀਆਂ ਦੀ ਸੁਰੱਖਿਆ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਹੂਲਤਾਂ ਅਤੇ ਸਿੱਖਿਆ ਲਈ ਵਧੇਰੇ ਸਰੋਤ ਵੀ ਚੋਣ ਦੇ ਮਹੱਤਵਪੂਰਨ ਮੁੱਦੇ ਹਨ।

ਇਸ ਵਾਰ ਦੀ ਚੋਣ ਵਿੱਚ ਪੰਜਾਬੀ ਭਾਈਚਾਰੇ ਦੀ ਦਿਲਚਸਪੀ ਵੀ ਵਿਸ਼ੇਸ਼ ਤੌਰ ’ਤੇ ਦੇਖਣ ਨੂੰ ਮਿਲ ਰਹੀ ਹੈ। ਸਰੀ ਦੀ ਬਹੁ-ਸੱਭਿਆਚਾਰਕ ਬਣਤਰ ਵਿੱਚ ਪੰਜਾਬੀ ਭਾਈਚਾਰਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਕਈ ਉਮੀਦਵਾਰਾਂ ਦਾ ਧਿਆਨ ਪਰਿਵਾਰਾਂ ਦੀ ਸੁਰੱਖਿਆ, ਕਾਰੋਬਾਰਾਂ ਲਈ ਸੁਖਾਵਾਂ ਮਾਹੌਲ, ਨੌਜਵਾਨਾਂ ਲਈ ਸਹੂਲਤਾਂ, ਆਵਾਜਾਈ, ਰਿਹਾਇਸ਼ ਅਤੇ ਕਮਿਊਨਿਟੀ ਸੇਵਾਵਾਂ ਵੱਲ ਹੈ।

ਚੋਣ ਲਈ ਨਾਮਜ਼ਦਗੀ ਦੀ ਮਿਆਦ 11 ਸਤੰਬਰ ਨੂੰ ਖ਼ਤਮ ਹੋ ਚੁੱਕੀ ਹੈ ਅਤੇ ਹੁਣ ਉਮੀਦਵਾਰਾਂ ਕੋਲ ਆਪਣੀਆਂ ਨੀਤੀਆਂ ਅਤੇ ਚੋਣ ਵਾਅਦੇ ਵੋਟਰਾਂ ਤੱਕ ਪਹੁੰਚਾਉਣ ਲਈ ਸੀਮਤ ਸਮਾਂ ਬਚਿਆ ਹੈ। ਸਿਟੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਐਡਵਾਂਸ ਵੋਟਿੰਗ 7, 10, 14 ਅਤੇ 15 ਅਕਤੂਬਰ ਨੂੰ ਹੋਵੇਗੀ, ਜਦਕਿ ਆਮ ਵੋਟਿੰਗ 17 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗੀ। ਇਸ ਵਾਰ ਸਰੀ ਵਿੱਚ 52 ਵੋਟਿੰਗ ਥਾਵਾਂ ਬਣਾਈਆਂ ਜਾਣਗੀਆਂ।

ਹੁਣ ਜਦੋਂ ਚੋਣ ਮੁਹਿੰਮ ਆਪਣੇ ਅੰਤਿਮ ਪੜਾਅ ਵੱਲ ਵਧ ਰਹੀ ਹੈ, ਸਰੀ ਦੇ ਵੋਟਰਾਂ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਸ਼ਹਿਰ ਦੀ ਅਗਵਾਈ ਕਿਸ ਤਰ੍ਹਾਂ ਦੀ ਟੀਮ ਦੇ ਹੱਥਾਂ ਵਿੱਚ ਦੇਣਾ ਚਾਹੁੰਦੇ ਹਨ। ਸੁਰੱਖਿਆ, ਟੈਕਸ, ਟ੍ਰੈਫਿਕ, ਸਕਾਈਟ੍ਰੇਨ, ਰਿਹਾਇਸ਼, ਬੁਨਿਆਦੀ ਢਾਂਚਾ, ਵੱਡੇ ਵਿਕਾਸ ਪ੍ਰਾਜੈਕਟ ਅਤੇ ਸਕੂਲਾਂ ਦੀਆਂ ਲੋੜਾਂ, ਇਹ ਸਾਰੇ ਮੁੱਦੇ ਆਉਣ ਵਾਲੇ ਦਿਨਾਂ ਵਿੱਚ ਚੋਣ ਬਹਿਸ ਦੇ ਕੇਂਦਰ ਵਿੱਚ ਰਹਿਣ ਦੀ ਸੰਭਾਵਨਾ ਹੈ। ਆਖ਼ਰੀ ਫ਼ੈਸਲਾ 17 ਅਕਤੂਬਰ ਨੂੰ ਸਰੀ ਦੇ ਵੋਟਰਾਂ ਦੇ ਹੱਥ ਹੋਵੇਗਾ।

Leave a Reply

Your email address will not be published. Required fields are marked *