Sep 16, 2026
ਕੈਲਗਰੀ (ਗੁਰਦੀਸ਼ ਕੌਰ ਗਰੇਵਾਲ) – ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਇੰਟਰਨੈਸ਼ਨਲ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਵਿਦੇਸ਼ ਤੋਂ ਪੰਥਕ ਕਵੀਆਂ ਨੇ ਹਿੱਸਾ ਲਿਆ। ਇਹ ਸੋਸਾਇਟੀ ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਪਰੰਪਰਾ ਨੂੰ ਸੁਰਜੀਤ ਰੱਖਣ ਲਈ ਨਿਰੰਤਰ ਯਤਨਸ਼ੀਲ ਹੈ। ਸੋਸਾਇਟੀ ਵਿੱਚ ਕਵੀ ਦਰਬਾਰ ਆਰੰਭ ਕਰਨ ਲਈ, ਬਾਨੀ ਡਾਕਟਰ ਸੁਰਜੀਤ ਸਿੰਘ ਭੱਟੀ ਜੀ ਨੂੰ ਵੀ ਯਾਦ ਕੀਤਾ ਗਿਆ।
   ਸੰਸਥਾਪਕ ਜਗਬੀਰ ਸਿੰਘ ਨੇ ਕਵੀਆਂ ਨੂੰ ਜੀ ਆਇਆਂ ਕਿਹਾ ਅਤੇ ਡਾਕਟਰ ਬਲਰਾਜ ਸਿੰਘ ਨੇ, ਵਿਸ਼ੇ ਦੀ ਜਾਣਕਾਰੀ ਦਿੰਦਿਆਂ ਹੋਇਆਂ, ਸ਼ਬਦ ਗਾਇਨ ਕਰਨ ਦੀ ਬੇਨਤੀ ਕੀਤੀ। ਅਮਿਤੋਜ ਕੌਰ, ਅਨੁਰੀਤ ਕੌਰ ਟੋਰੰਟੋ, ਅਤੇ  ਬ੍ਰਿਜਮਿੰਦਰ ਕੌਰ ਜੈਪੁਰ ਨੇ ਵਾਰੀ ਵਾਰੀ ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦੀ ਆਰੰਭਤਾ ਕੀਤੀ।
    ਕਵੀ ਦਰਬਾਰ ਦਾ ਆਗਾਜ਼, ਪਰਨੀਤ ਕੌਰ, ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਟੋਰੰਟੋ ਨੇ, ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਹੋਇਆ ਗੀਤ, ‘ਬਾਣੀ ਜਨਮ ਸਵਾਰੇ’ ਸਾਜ਼ਾਂ ਨਾਲ ਗਾ ਕੇ, ਸੁਰਮਈ ਮਾਹੌਲ ਸਿਰਜ ਕੇ ਕੀਤਾ। ਸ਼੍ਰੋਮਣੀ ਕਵੀ ਕਰਮਜੀਤ ਸਿੰਘ ਨੂਰ ਜਲੰਧਰ ਨੇ ‘ਮੈਂ ਤਾਂ ਕਹਿੰਨਾ ਇਹ ਗੁਰੂ ਦੀ ਆਤਮਾ ਹੈ’ ਭਾਵਪੂਰਤ ਕਵਿਤਾ ਸੁਣਾ ਕੇ, ਵਾਹ ਵਾਹ ਖੱਟੀ। ਮਹਾਨ ਪੰਥਕ ਸ਼ਾਇਰ ਹਰੀ ਸਿੰਘ ਜਾਚਕ ਲੁਧਿਆਣਾ ਨੇ, ਆਪਣੇ ਅੰਦਾਜ਼ ਵਿੱਚ, ਬੈਂਤ ਛੰਦ ਵਿੱਚ ਕਵਿਤਾ ਸੁਣਾ ਕੇ, ਪੰਚਮ ਪਾਤਸ਼ਾਹ ਦੇ ਮਹਾਨ ਕਾਰਜ ਨੂੰ ਸਿਜਦਾ ਕੀਤਾ। ਪੰਥਕ ਕਵੀ ਨਿਰਵੈਰ ਸਿੰਘ ਅਰਸ਼ੀ ਆਨੰਦਪੁਰ ਨੇ ਆਪਣੀ ਕਵਿਤਾ ਵਿੱਚ ਅੰਮ੍ਰਿਤਮਈ ਬਾਣੀ ਦੀ ਮਹਿਮਾ ਦਾ ਵਰਨਣ ਕੀਤਾ। ਉੱਤਰਾਖੰਡ ਤੋਂ ਆਈ ਸਰਬਜੀਤ ਕੌਰ ਸਰਬ ਨੇ ‘ਸਰਬ ਸਾਂਝਾ ਗਿਆਨ ਦਾ ਨੂਰ ਬਾਣੀ’ ਤਰਹ ਮਿਸਰਾ ਤੇ ਬੈਂਤ ਛੰਦ ਵਿੱਚ ਲਿਖੀ ਹੋਈ ਕਵਿਤਾ ਦੀ ਸੰਗਤ ਨਾਲ ਸਾਂਝ ਪਾਈ।  ਸ਼ਾਇਰਾ ਸੁੰਦਰਪਾਲ ਕੌਰ ਰਾਜਾਸਾਂਸੀ ਟੋਰੰਟੋ ਨੇ ਆਪਣੀ ਕੋਰੜਾ ਛੰਦ ਵਿੱਚ ਲਿਖੀ ਹੋਈ ਰਚਨਾ ਤਰੰਨਮ ਵਿੱਚ ਸੁਣਾਈ।  ਬਲਕਾਰ ਸਿੰਘ ਬੱਲ ਇਟਲੀ ਨੇ ‘ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ’ ਗੀਤ ਬੁਲੰਦ ਆਵਾਜ਼ ਵਿੱਚ ਗਾਇਆ। ਮੌਂਟ੍ਰੀਆਲ ਤੋਂ ਆਏ ਪ੍ਰਸਿੱਧ ਪੇਂਟਰ ਅਤੇ ਸ਼ਾਇਰ ਮਨਜੀਤ ਸਿੰਘ ਚਾਤ੍ਰਿਕ ਨੇ ‘ਲਾਲ ਜਵੇਹਰ ਮਾਣਕ ਮੋਤੀ, ਹਰ ਅੱਖਰ ਵਿੱਚ ਪਾਏ ਰਾਮ’, ਆਪਣੇ ਨਿਵੇਕਲੇ ਅੰਦਾਜ਼ ਵਿੱਚ ਸਾਂਝੀ ਕੀਤੀ। ਗੁਰਚਰਨ ਸਿੰਘ ਹੇਹਰ ਕੈਲਗਰੀ ਨੇ ‘ਸ਼ਬਦ ਵਿਛੋੜਾ ਅਸੀਂ ਪਲ ਨਾ ਸਹਾਰਦੇ’ ਗੀਤ ਤਰੰਨਮ ਵਿੱਚ ਗਾ ਕੇ, ਸ਼ਬਦ ਗੁਰੂ ਨਾਲ ਪਿਆਰ ਦਾ ਇਜ਼ਹਾਰ ਕੀਤਾ। ਸੁਖਮੰਦਰ ਸਿੰਘ ਗਿੱਲ ਕੈਲਗਰੀ ਨੇ ਆਪਣਾ ਲਿਖਿਆ ਗੀਤ, ‘ਗੁਰੂ ਗ੍ਰੰਥ ਸਾਹਿਬ ਜੀ ਮਹਾਨ ਹੈ ਮਹਾਨ ਹੈ’ ਹਾਰਮੋਨੀਅਮ ਤੇ ਗਾ ਕੇ ਵਾਤਾਵਰਣ ਸਿਰਜ ਦਿੱਤਾ। ਸੰਗਤ ਦੀ ਮੰਗ ਤੇ, ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਕਵਿਤਾ ‘ਗੁਰੂ ਮਾਨਿਓ ਗ੍ਰੰਥ’ ਕਬਿੱਤ ਛੰਦ ਵਿੱਚ ਸੁਣਾਈ। ਅੰਤ ਵਿੱਚ  ਸੁਜਾਨ ਸਿੰਘ ਸੁਜਾਨ ਟੋਰੰਟੋ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਲਿਖੀ ਆਪਣੀ ਵਿਲੱਖਣ ਰਚਨਾ ਰਾਹੀਂ, ਇਸ ਵਿੱਚ ਆਏ ਰਾਗਾਂ ਅਤੇ ਬਾਣੀਕਾਰਾਂ ਦੇ ਸ਼ਬਦਾਂ ਦੀ ਪੂਰੀ ਗਿਣਤੀ ਪ੍ਰੋ ਕੇ, 1430 ਪੰਨਿਆਂ ਦੇ ਦਰਸ਼ਨ ਕਰਵਾ ਦਿੱਤੇ। ਜਦ ਕਿ ਪਲਵਿੰਦਰ ਸਿੰਘ ਰੰਧਾਵਾ ਸਰੀ ਬੀ ਸੀ, ਨੈੱਟ ਦੀ ਸਮੱਸਿਆ ਕਾਰਨ ਜੁਆਇਨ ਨਹੀਂ ਕਰ ਸਕੇ।  ਸੰਗਤ ਨੇ ਜੈਕਾਰਿਆਂ ਨਾਲ ਕਵੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਮੰਚ ਸੰਚਾਲਨ ਦੀ ਸੇਵਾ ਸੁਜਾਨ ਸਿੰਘ ਸੁਜਾਨ ਟੋਰੰਟੋ ਅਤੇ ਗੁਰਦੀਸ਼ ਕੌਰ ਗਰੇਵਾਲ ਨੇ ਸਾਂਝੇ ਤੌਰ ਤੇ ਨਿਭਾਈ।         ਅੰਤ ਤੇ ਸੁਸਾਇਟੀ ਵੱਲੋਂ ਚਲਦੇ ਮਾਸਕ ਮੈਗਜੀਨ, ‘ਸਾਂਝੀ ਵਿਰਾਸਤ’ ਦੇ ਸੰਪਾਦਕ ਡਾਕਟਰ ਕਾਬਲ ਸਿੰਘ ਨੇ ਸੰਗਤ ਵੱਲੋਂ ਸਮੂਹ ਕਵੀਆਂ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਕਵਿਤਾਵਾਂ ਲਿਖਤੀ ਰੂਪ ਵਿੱਚ ਮੈਗਜ਼ੀਨ ਲਈ ਭੇਜਣ ਦੀ ਬੇਨਤੀ ਵੀ ਕੀਤੀ।
   ਸੋਸਾਇਟੀ ਦੀ ਮਰਿਆਦਾ ਅਨੁਸਾਰ, ਆਨੰਦ ਸਾਹਿਬ ਅਤੇ ਅਰਦਾਸ ਨਾਲ ਸਮਾਗਮ ਦੀ ਸਮਾਪਤੀ ਹੋਈ। ਢਾਈ ਘੰਟੇ ਚੱਲੇ ਇਸ ਸਮਾਗਮ ਦਾ, ਸਰੋਤਿਆਂ ਨੇ ਖੂਬ ਆਨੰਦ ਮਾਣਿਆ।
ਵਧੇਰੇ ਜਾਣਕਾਰੀ ਲਈ ਗੁਰਦੀਸ਼ ਕੌਰ ਗਰੇਵਾਲ ਨਾਲ +1 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *