ਵੈਨਕੂਵਰ,15 ਸਤੰਬਰ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਵੱਲੋਂ ਸਰੀ ਸਥਿਤ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਗਈ ਹੈ। ਇਹ ਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਪੂੰਜੀ ਨਿਵੇਸ਼ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਸਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
ਸਰੀ ਦੀ ਮੇਅਰ ਬਰੈਂਡਾ ਲੌਕ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਨਿਊਟਨ ਲਈ ਇੱਕ ਵੱਡਾ ਬਦਲਾਅ ਲਿਆਉਣ ਵਾਲਾ ਹੈ। ਇਸਦੇ ਆਕਾਰ, ਵਿਭਿੰਨਤਾ ਅਤੇ ਸਮਰੱਥਾ ਦੇ ਅਨੁਕੂਲ ਮਨੋਰੰਜਨ, ਸੱਭਿਆਚਾਰ ਅਤੇ ਲਾਇਬ੍ਰੇਰੀ ਸੇਵਾਵਾਂ ਨੂੰ ਇੱਕੋ ਛੱਤ ਹੇਠ ਲਿਆ ਕੇ ਅਸੀਂ ਇੱਕ ਅਜਿਹੀ ਵਧੀਆ ਮਿਲਣ-ਜੁਲਣ ਵਾਲੀ ਥਾਂ ਤਿਆਰ ਕਰ ਰਹੇ ਹਾਂ, ਜੋ ਨਿਵਾਸੀਆਂ ਨੂੰ ਆਪਸ ਵਿੱਚ ਜੋੜੇਗੀ, ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਭਦਾਇਕ ਹੋਵੇਗੀ। ਉਨਾਂ ਇਹ ਵੀ ਦੱਸਿਆ ਕਿ ਮੁਕੰਮਲ ਹੋਣ ਉਪਰੰਤ ਇਸ ਕੇਂਦਰ ਵਿੱਚ 50 ਮੀਟਰ ਲੰਬਾ ਤੈਰਾਕੀ ਪੂਲ, ਮਨੋਰੰਜਨ ਪੂਲ, ਗਰਮ ਪਾਣੀ ਦਾ ਟੱਬ, ਸੌਨਾ, ਦੋ ਜਿਮਨੇਜ਼ੀਅਮ, ਫਿਟਨੈੱਸ ਸੈਂਟਰ, ਬਹੁ-ਉਦੇਸ਼ੀ ਅਤੇ ਕਲਾ ਸੰਬੰਧੀ ਸਥਾਨ, ਬੱਚਿਆਂ ਦੀ ਦੇਖਭਾਲ ਲਈ ਸਹੂਲਤਾਂ ਅਤੇ ਇੱਕ ਨਵੀਂ 40,000 ਵਰਗ ਫੁੱਟ ਦੀ ਲਾਇਬ੍ਰੇਰੀ ਸ਼ਾਮਲ ਹੋਵੇਗੀ। ਇਹ ਲਾਇਬ੍ਰੇਰੀ ਮੌਜੂਦਾ ਨਿਊਟਨ ਬਰਾਂਚ ਦੇ ਆਕਾਰ ਤੋਂ ਦੁੱਗਣੀ ਤੋਂ ਵੀ ਵੱਧ ਹੋਵੇਗੀ।

