Sep 17, 2026

ਐਬਸਫੋਰਡ ਨੂੰ ਸੁਰੱਖਿਅਤ, ਸਵਾਗਤਯੋਗ ਤੇ ਹਰ ਪੱਖੋਂ ਖੁਸ਼ਹਾਲ ਸ਼ਹਿਰ ਬਣਾਉਣ ਲਈ ਸਹਿਯੋਗ ਦੀ ਅਪੀਲ-

ਐਬਟਸਫੋਰਡ ( ਦੇ ਪ੍ਰ ਬਿ) –ਪਿਛਲੇ 18 ਸਾਲ ਤੋਂ ਸਕੂਲ ਟਰੱਸਟੀ ਵਜੋਂ ਭਾਈਚਾਰੇ ਦੀ ਪ੍ਰਤੀਨਿਧਤਾ ਕਰਨ ਵਾਲੇ ਪ੍ਰੀਤ ਰਾਏ ਇਸ ਵਾਰ ਐਬਸਫੋਰਡ ਸਿਟੀ ਕੌਂਸਲ ਚੋਣਾਂ ਵਿਚ ਕੌਂਸਲਰ ਉਮੀਦਵਾਰ ਵਜੋਂ ਮੈਦਾਨ ਵਿਚ ਹਨ।  ਪ੍ਰੀਤ ਰਾਏ ਜੋ ਕਿ ਪੇਸ਼ੇ ਵਜੋਂ ਅਕਾਊਟੈਂਟ ਹਨ, ਕੋਲ ਜਨਤਕ ਸੇਵਾ, ਪ੍ਰਸ਼ਾਸਨ, ਵਿੱਤੀ ਨਿਗਰਾਨੀ ਅਤੇ ਭਾਈਚਾਰਕ ਅਗਵਾਈ ਦੇ ਖੇਤਰ ਵਿੱਚ ਲਗਭਗ ਦੋ ਦਹਾਕਿਆਂ ਦਾ ਤਜਰਬਾ ਹੈ। ਐਬਟਸਫੋਰਡ ਬੋਰਡ ਆਫ਼ ਐਜੂਕੇਸ਼ਨ ਵਿੱਚ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਤਿੰਨ ਸਾਲਾਂ ਤੱਕ ਵਾਈਸ-ਚੇਅਰ ਵਜੋਂ ਸੇਵਾ ਨਿਭਾਈ ਅਤੇ ਬੋਰਡ ਦੀਆਂ ਵਿੱਤ, ਸਿੱਖਿਆ ਅਤੇ ਆਡਿਟ ਕਮੇਟੀਆਂ ਦੀ ਪ੍ਰਧਾਨਗੀ ਕੀਤੀ ਹੈ । ਆਪਣੇ ਕਾਰਜਕਾਲ ਦੌਰਾਨ, ਉਹ ਵਿਦਿਆਰਥੀਆਂ, ਪਰਿਵਾਰਾਂ, ਸਟਾਫ ਅਤੇ ਵਿੱਤੀ ਜ਼ਿੰਮੇਵਾਰੀ ਦੇ ਨਾਲ ਲੰਬੇ ਸਮੇਂ ਦੀ ਯੋਜਨਾਬੰਦੀ ਦੇ ਮਜ਼ਬੂਤ ​​ਸਮਰਥਕ ਰਹੇ ਹਨ।
ਪ੍ਰੀਤ ਰਾਏ ਨੇ  ਸਿਟੀ ਕੌਂਸਲਰ ਵਜੋਂ ਚੋਣ ਲੜਨ ਦਾ ਐਲਾਨ ਕਰਨ ਉਪਰੰਤ ਦੇਸ਼ ਪ੍ਰਦੇਸ ਟਾਈਮਜ਼ ਨਾਲ ਇਕ ਮੁਲਾਕਾਤ ਦੌਰਾਨ ਦੱਸਿਆ ਕਿ ,ਇੱਕ ਸਕੂਲ ਟਰੱਸਟੀ ਵਜੋਂ ਐਬਟਸਫੋਰਡ ਦੇ ਪਰਿਵਾਰਾਂ ਦੀ ਸੇਵਾ ਕਰਨਾ ਮੇਰੇ ਲਈ ਮਾਣ ਅਤੇ ਖੁਸ਼ੀ ਦੀ ਗੱਲ ਰਹੀ ਹੈ। ਭਾਈਚਾਰੇ ਵਲੋਂ ਪਿਛਲੇ ਦੋ ਦਹਾਕਿਆਂ ਦੌਰਾਨ ਮੇਰੇ ‘ਤੇ ਜਤਾਏ ਗਏ ਭਰੋਸੇ ਲਈ ਮੈਂ ਸ਼ੁਕਰਗੁਜ਼ਾਰ ਹਾਂ। ਮੈਨੂੰ ਭਾਈਚਾਰੇ ਦੀਆਂ ਸਾਂਝੀਆਂ ਪ੍ਰਾਪਤੀਆਂ ਤੇ ਮਾਣ ਹੈ। ਮੇਰਾ ਮੰਨਣਾ ਹੈ ਕਿ ਹੁਣ ਸਿਟੀ ਕੌਂਸਲ ਰਾਹੀਂ ਵਿਸ਼ਾਲ ਭਾਈਚਾਰੇ ਦੀ ਸੇਵਾ ਕਰਨ ਲਈ ਆਪਣੇ ਤਜਰਬੇ, ਯੋਗਤਾ ਅਤੇ ਵਚਨਬੱਧਤਾ ਨੂੰ ਅੱਗੇ ਲਿਆਉਣ ਦਾ ਸਹੀ ਸਮਾਂ ਹੈ।
ਭਾਈਚਾਰੇ ਵਿਚ ਸੀਨੀਅਰ ਅਕਾਊਂਟੈਂਟ ਵਜੋਂ ਪਛਾਣ ਰੱਖਣ ਵਾਲੇ ਪ੍ਰੀਤ ਰਾਏ 1995  ਵਿਚ  ਕੈਨੇਡਾ ਪ੍ਰਵਾਸ ਤੋਂ ਕੁਝ ਸਮਾਂ ਪਹਿਲਾਂ ਯੂਕੇ ਵਿਚ ਵੀ ਰਹੇ ਹਨ। ਇਥੇ ਆਕੇ ਉਹਨਾਂ ਨੇ 1997 ਤੋਂ ਬ੍ਰਿਟਿਸ਼ ਕੋਲੰਬੀਆ ਸਰਕਾਰ ਨਾਲ ਕੰਮ ਕਰਨਾ ਸ਼ੁਰੂ ਕੀਤਾ, ਜਿਸ ਨਾਲ ਉਨ੍ਹਾਂ ਨੂੰ ਜਨਤਕ ਪ੍ਰਸ਼ਾਸਨ, ਜਵਾਬਦੇਹੀ ਅਤੇ ਟੈਕਸਦਾਤਾਵਾਂ ਦੇ ਪੈਸੇ ਦੇ ਜ਼ਿੰਮੇਵਾਰ ਪ੍ਰਬੰਧਨ ਦਾ ਵਿਆਪਕ ਤਜਰਬਾ ਮਿਲਿਆ ਹੈ ।
ਰਾਏ ਅਤੇ ਉਹਨਾਂ ਦੀ ਪਤਨੀ ਰਪਿੰਦਰ ਕੌਰ, ਜੋ ਕਿ ਇੱਕ ਸਥਾਨਕ ਸਕੂਲ ਵਿਚ ਅਧਿਆਪਕਾ ਹਨ,ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਐਬਟਸਫੋਰਡ ਦੇ ਵਸਨੀਕ ਹਨ। ਉਨ੍ਹਾਂ ਦੇ ਤਿੰਨ ਬੱਚਿਆਂ ਨੇ ਐਬਟਸਫੋਰਡ ਦੇ ਪਬਲਿਕ ਸਕੂਲਾਂ ਵਿੱਚ ਪੜ੍ਹਾਈ ਕੀਤੀ ਅਤੇ ਹੁਣ ਉਹ ਐਬਟਸਫੋਰਡ ਖੇਤਰ ਵਿੱਚ ਹੀ ਆਪਣੇ ਕੰਮ ਕਰ ਰਹੇ ਹਨ। ਪ੍ਰੀਤ ਰਾਏ ਤੇ ਉਹਨਾਂ ਦੀ ਪਤਨੀ ਨੂੰ ਆਪਣੇ ਜਵਾਨ ਬੱਚਿਆਂ ਦੇ ਨਾਲ ਪੋਤੇ/ਦੋਹਤੇ ਦੇ ਦਾਦਾ-ਦਾਦੀ ਹੋਣ ਦਾ ਵੀ ਮਾਣ ਹੈ। ਰਾਏ ਦਾ ਕਹਿਣਾ ਹੈ ਕਿ ਭਾਈਚਾਰੇ ਵਿੱਚ ਉਨ੍ਹਾਂ ਦੇ ਪਰਿਵਾਰ ਦੀਆਂ ਡੂੰਘੀਆਂ ਜੜ੍ਹਾਂ ਜਨਤਕ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਲਗਾਤਾਰ ਪ੍ਰੇਰਿਤ ਕਰਦੀਆਂ ਹਨ।
ਪਿਛਲੇ 18 ਸਾਲਾਂ ਦੌਰਾਨ, ਪ੍ਰੀਤ ਰਾਏ ਨੇ ਵਿਕਾਸ ਅਤੇ ਸਫਲਤਾ ਦੇ ਦੌਰ ਵਿੱਚੋਂ ਲੰਘਦਿਆਂ ਐਬਟਸਫੋਰਡ ਸਕੂਲ ਡਿਸਟ੍ਰਿਕਟ ਦੀ ਅਗਵਾਈ ਵਿਚ ਬਣਦੀ ਭੂਮਿਕਾ ਨਿਭਾਈ ਹੈ। ਉਹਨਾਂ ਦੇ ਸਕੂਲ ਟਰੱਸਟੀ ਦੇ ਸਮੇਂ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵਧ ਕੇ 20,000 ਤੋਂ ਉਪਰ ਹੋ ਗਈ ਹੈ, ਜਦਕਿ ਗ੍ਰੈਜੂਏਸ਼ਨ ਦਰ, ਮੂਲ ਨਿਵਾਸੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਕਰੀਅਰ ਸਿੱਖਿਆ ਵਿਚ ਯੋਗਦਾਨ ਤੋਂ  ਇਲਾਵਾ ਰਾਏ ਨੇ ਕਈ ਘੰਟੇ ਵਲੰਟੀਅਰ ਵਜੋਂ ਕਮਿਊਨਿਟੀ ਸੰਗਠਨਾਂ ਨੂੰ ਸਮਰਪਿਤ ਕੀਤੇ ਹਨ ਜਿਨ੍ਹਾਂ ਵਿੱਚ ਕਲੀਅਰਬਰੂਕ ਕੀਵਾਨਿਸ ਕਲੱਬ, ਐਬੀਫੈਸਟ, ਐਬਟਸਫੋਰਡ ਯੂਥ ਕਮਿਸ਼ਨ, ਐਮਐਸਏ ਮਿਊਜ਼ੀਅਮ, ਦ ਰੀਚ ਗੈਲਰੀ ਮਿਊਜ਼ੀਅਮ, ਲਿਟਰੇਸੀ ਮੈਟਰਸ, ਕਰੈਕਟਰ ਐਬਟਸਫੋਰਡ ਨਾਲ ਵਲੰਟੀਅਰ ਕਰਨਾ  ਤੇ ਫੰਡ ਇਕੱਠਾ ਕਰਨ ਦੀਆਂ ਪਹਿਲਕਦਮੀਆਂ ਸ਼ਾਮਲ ਹਨ।  ਉਹਨਾਂ ਨੇ  ਐਬਟਸਫੋਰਡ ਵਿੱਚ ਕਨੱਕ ਪਲੇਸ ਚਿਲਡਰਨਜ਼ ਹਾਸਪਾਈਸ ਸਥਾਪਤ ਕਰਨ ਵਿੱਚ ਵੀ ਮਦਦ ਕੀਤੀ।  ਕਮਿਊਨਿਟੀ ਸਮਾਗਮਾਂ ਲਈ 100 ਤੋਂ ਵੱਧ ਵਲੰਟੀਅਰ  ਤਾਲਮੇਲ ਕੀਤਾ ਅਤੇ ਐਬਟਸਫੋਰਡ ਦੇ ਵਿਭਿੰਨ ਭਾਈਚਾਰਿਆਂ ਵਿੱਚ ਸੰਪਰਕ ਬਣਾਉਣ ਲਈ  ਅਹਿਮ ਭੂਮਿਕਾ ਨਿਭਾਈ ਹੈ।
ਜਨਤਕ ਖੇਤਰ ਵਿਚ ਵਿਸ਼ਾਲ ਅਨੁਭਵ ਰੱਖਣ ਵਾਲੇ ਪ੍ਰੀਤ ਰਾਏ ਵਲੋਂ ਕੌਂਸਲਰ ਉਮੀਦਵਾਰ ਵਜੋਂ ਆਪਣੀ ਚੋਣ ਮੁਹਿੰਮ ਨੂੰ ਚਾਰ ਮੁੱਖ ਤਰਜੀਹਾਂ ‘ਤੇ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਇਹਨਾਂ ਵਿਚ ਮਨੋਰੰਜਨ ਦੇ ਮੌਕਿਆਂ ਦਾ ਵਿਸਤਾਰ ਕਰਨਾ, ਕਮਿਊਨਿਟੀ ਸੁਰੱਖਿਆ ਨੂੰ ਵਧਾਉਣਾ, ਸਿਟੀ ਲਾਇਸੰਸ ਅਤੇ ਡਿਵੈਲਪਮੈਂਟ ਪ੍ਰਕਿਰਿਆਵਾਂ ਦੀ ਕੁਸ਼ਲਤਾ ਵਿੱਚ ਸੁਧਾਰ ਕਰਨਾ, ਮਜ਼ਬੂਤ ਵਿੱਤੀ ਜ਼ਿੰਮੇਵਾਰੀ ਬਣਾਈ ਰੱਖਣਾ ਅਤੇ ਫੈਸਲਾ ਲੈਣ ਲਈ ਕਮਿਊਨਿਟੀ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਸ਼ਾਮਿਲ ਹਨ। ਆਪਣੀਆਂ ਉਕਤ ਤਰਜੀਹਾਂ ਦਾ ਜਿਕਰ ਕਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਐਬਟਸਫੋਰਡ ਤੇਜ਼ ਗਤੀ ਨਾਲ ਵਿਕਾਸ ਕਰਨ ਵਾਲਾ ਇੱਕ ਬਹੁਤ  ਸੰਭਾਵਨਾਵਾਂ ਭਰਪੂਰ ਸ਼ਹਿਰ ਹੈ, “ਜਿਵੇਂ-ਜਿਵੇਂ ਸਾਡਾ ਭਾਈਚਾਰਾ ਵਧਦਾ  ਹੈ, ਸਾਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਲੋਕਾਂ ਦੀ ਗੱਲ ਸੁਣਦੀ ਹੈ, ਜ਼ਿੰਮੇਵਾਰੀ ਨਾਲ ਯੋਜਨਾ ਬਣਾਉਂਦੀ ਹੈ ਅਤੇ ਸਹੀ ਨਤੀਜੇ ਪ੍ਰਦਾਨ ਕਰਦੀ ਹੈ। ਉਹ ਸਿਟੀ ਕੌਂਸਲਰ ਵਜੋਂ ਕੰਮ ਕਰਨ ਦੀ ਇੱਛਾ ਨਾਲ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ  ਐਬਟਸਫੋਰਡ ਪਰਿਵਾਰਾਂ, ਕਾਰੋਬਾਰਾਂ, ਬਜ਼ੁਰਗਾਂ, ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ, ਸਵਾਗਤਯੋਗ, ਵਿੱਤੀ ਤੌਰ ‘ਤੇ ਮਜ਼ਬੂਤ ਅਤੇ ਹਰ ਪੱਖੋਂ ਖੁਸ਼ਹਾਲ ਸਥਾਨ ਬਣਿਆ ਰਹੇ। ਉਹਨਾਂ ਸਿਟੀ ਵਿਚ ਭਾਈਚਾਰੇ ਦੀ ਯੋਗ ਅਗਵਾਈ ਅਤੇ ਬੁਲੰਦ ਆਵਾਜ਼ ਲਈ ਲੋਕਾਂ ਨੂੰ ਭਰਪੂਰ ਸਹਿਯੋਗ ਦੀ ਅਪੀਲ ਕੀਤੀ ਹੈ।

ਐਬਸਫੋਰਡ ਸਿਟੀ ਕੌਂਸਲ ਲਈ ਉਮੀਦਵਾਰ ਪ੍ਰੀਤ ਰਾਏ ਆਪਣੀ ਪਤਨੀ ਰਪਿੰਦਰ ਤੇ ਬੱਚਿਆਂ ਨਾਲ।

Leave a Reply

Your email address will not be published. Required fields are marked *