ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕੇਸ ਦਰਜ ਨੂੰ ਗਹਿਰੀ ਸਾਜਿਸ਼ ਕਰਾਰ ਦਿੱਤਾ-
ਚੰਡੀਗੜ ( ਸ਼ੋਸਲ ਮੀਡੀਆ ਸਰੋਤ)– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਖਿਲਾਫ ਜਬਰ-ਜਨਾਹ ਦਾ ਮਾਮਲਾ ਦਰਜ ਹੋਣ ਦੀ ਖਬਰ ਹੈ। ਆਨੰਦਪੁਰ ਸਾਹਿਬ ਦੇ ਥਾਣੇ ’ਚ ਉਨ੍ਹਾਂ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ 20 ਅਗਸਤ ਨੂੰ ਦਰਜ ਕੀਤਾ ਗਿਆ ਸੀ, ਪਰ ਪੁਲੀਸ ਨੇ ਉਨ੍ਹਾਂ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ। ਹੁਣ ਜਦੋਂ ਪੁਲੀਸ ਚਾਵਲਾ ਦੀ ਭਾਲ ’ਚ ਜੁਟ ਗਈ ਹੈ ਤਾਂ ਪਤਾ ਲੱਗਿਆ ਹੈ ਕਿ ਉਹ ਦੇਸ਼ ਵਿੱਚੋਂ ਫ਼ਰਾਰ ਹੋ ਗਏ ਹਨ।
ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ ਪੰਜਾਬ ਪੁਲੀਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਇਸਤੋਂ ਪਹਿਲਾਂ ਹੀ ਉਹ ਵਿਦੇਸ਼ ਦੌੜ ਗਏ। ਦੱਸਣਯੋਗ ਹੈ ਕਿ ਚਾਵਲਾ ਖ਼ਿਲਾਫ਼ ਕੇਸ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ਚਹਿਲਾਂ ਦੀ ਇੱਕ ਔਰਤ ਜਸਵਿੰਦਰ ਕੌਰ ਦੀ ਸ਼ਿਕਾਇਤ ’ਤੇ ਰੂਪਨਗਰ ਜ਼ਿਲ੍ਹੇ ਦੇ ਸ੍ਰੀ ਆਨੰਦਪੁਰ ਸਾਹਿਬ ਪੁਲੀਸ ਥਾਣੇ ’ਚ ਦਰਜ ਕੀਤਾ ਗਿਆ ਹੈ। ਇਸ ਔਰਤ ਨੇ ਚਾਵਲਾ ’ਤੇ ਵਾਰ-ਵਾਰ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ।
ਭਾਈ ਚਾਵਲਾ ਵਲੋਂ ਅਸਤੀਫਾ- ਆਪਣੇ ਖਿਲਾਫ ਕੇਸ ਦਰਜ ਹੋਣ ਉਪਰੰਤ ਭਾਈ ਅਮਰਜੀਤ ਸਿੰਘ ਚਾਵਲਾ ਨੇ ਇਕ ਵੀਡੀਓ ਸਨੇਹਾ ਜਾਰੀ ਕਰਦਿਆਂ ਆਪਣੇ ਤੇ ਲਗਾਏ ਸਾਰੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੰਦਿਆਂ ਸ੍ਰੋਮਣੀ ਕਮੇਟੀ ਦੇ ਮੈਂਬਰ ਵਜੋ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣ ਅਤੇ ਸੱਚਾਈ ਸਾਹਮਣੇ ਆਉਣ ਤੱਕ ਆਪਣੇ ਅਹੁਦਿਆਂ ਤੋਂ ਵੱਖ ਹੋ ਰਹੇ ਹਨ। ਉਹਨਾਂ ਦੇ ਨੇੜਲੇ ਸੂਤਰਾਂ ਮੁਤਾਬਿਕ ਬਹਿਰੀਨ ਤੋਂ ਆਈ ਇਕ ਬੀਬੀ ਵਲੋਂ ਉਹਨਾਂ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਇਕ ਸਿਆਸੀ ਘਟਨਾਕ੍ਰਮ ਤਹਿਤ ਬਲੈਕਮੇਲਿੰਗ ਦਾ ਮਾਮਲਾ ਦੱਸਿਆ ਗਿਆ ਹੈ। ਦੋਸ਼ ਲਗਾਉਣ ਵਾਲੀ ਬੀਬੀ ਸਾਬਕਾ ਜਥੇਦਾਰ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੀ ਨਜ਼ਦੀਕ ਰਹੀ ਹੈ।
ਭਾਈ ਰਾਜਿੰਦਰ ਸਿੰਘ ਮਹਿਤਾ ਨੇ ਦੋਸ਼ਾਂ ਨੂੰ ਨਾਕਾਰਿਆ- ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਲੰਬੇ ਸਮੇਂ ਤੋਂ ਭਾਈ ਅਮਰਜੀਤ ਸਿੰਘ ਚਾਵਲਾ ਦੇ ਸਾਥੀ ਰਹੇ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਭਾਈ ਚਾਵਲਾ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਨਾਕਾਰਦਿਆਂ ਇਸ ਪਿੱਛੇ ਸਰਕਾਰ ਦੀ ਗਹਿਰੀ ਸਾਜਿਸ਼ ਹੋਣਾ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਈ ਚਾਵਲਾ ਨੇ ਲੰਬਾ ਸਮਾਂ ਸਿੱਖ ਸੰਘਰਸ਼ ਵਿਚ ਯੋਗਦਾਨ ਪਾਇਆ, ਜੇਲਾਂ ਕੱਟੀਆਂ ਅਤੇ ਕਈ ਹੋਰ ਮੁਸੀਬਤਾਂ ਝੱਲੀਆਂ ਤੇ ਹਮੇਸ਼ਾ ਸੱਚ ਤੇ ਡਟੇ ਰਹੇ ਹਨ। ਉਹ ਅਜਿਹੀ ਸ਼ਖਸੀਅਤ ਦੁਆਰਾ ਕੋਈ ਕੁਕਰਮ ਕਰਨ ਜਾਂ ਕਿਸੇ ਔਰਤ ਨਾਲ ਬਦਲਸੂਕੀ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਉਹਨਾਂ ਪੁਲਿਸ ਵਲੋਂ ਦਰਜ ਕੀਤੇ ਗਏ ਜਬਰ ਜਨਾਹ ਦੇ ਕੇਸ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਲਈ ਪੰਜਾਬ ਦੇ ਰਾਜਪਾਲ ਨੂੰ ਮਿਲਕੇ ਬੇਨਤੀ ਕਰਨਗੇ। ਉਹਨਾਂ ਹੋਰ ਕਿਹਾ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣ ਤੇ ਸਾਰੀ ਅਸਲੀਅਤ ਸਾਹਮਣੇ ਆ ਜਾਵੇਗੀ।

