ਰੈਡ ਸਟਾਰ ਟਰਾਂਸਪੋਰਟ ਦੇ ਰਮਨਦੀਪ ਸਿੰਘ ਤੇ ਸਾਥੀਆਂ ਵਲੋਂ ਸਮਾਗਮ ਦਾ ਆਯੋਜਨ-
ਲੈਂਗਲੀ ( ਦੇ ਪ੍ਰ ਬਿ)- ਮੈਟਰੋ ਵੈਨਕੂਵਰ ਵਿਚ ਤੇਜ਼ ਗਤੀ ਨਾਲ ਵਿਕਾਸ ਰਹੇ ਲੈਂਗਲੀ ਟਾਊਨਸ਼ਿਪ ਨੂੰ ਹੋਰ ਮਜ਼ਬੂਤ ਤੇ ਖੁਸ਼ਹਾਲ ਬਣਾਉਣ ਲਈ ਵਚਨਬੱਧ ਪ੍ਰਾਗਰੈਸ ਫਾਰ ਲੈਂਗਲੀ ਸਲੇਟ ਦੇ ਆਗੂ ਤੇ ਮੇਅਰ ਐਰਿਕ ਵੁਡਵਾਰਡ ਆਪਣੀ ਟੀਮ ਨਾਲ ਮੁੜ ਮੈਦਾਨ ਵਿਚ ਹਨ। ਬੀਤੇ ਦਿਨ ਲੈਂਗਲੀ ਟਾਊਨਸ਼ਿਪ ਦੇ ਉਘੇ ਬਿਜਨਸਮੈਨ ਰਮਨਦੀਪ ਸਿੰਘ (ਰੈਡ ਸਟਾਰ ਟਰਾਂਸਪੋਰਟ) ਤੇ ਸਾਥੀਆਂ ਵਲੋਂ ਐਰਿਕ ਵੁਡਵਾਰਡ ਅਤੇ ਉਹਨਾਂ ਦੀ ਟੀਮ ਦੇ ਸਮਰਥਨ ਵਿਚ ਇਕ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੰਸਰਵੇਟਿਵ ਐਮ ਐਲ ਏ ਹਰਮਨ ਭੰਗੂ ਨੇ ਮੰਚ ਦੀ ਕਾਰਵਾਈ ਸ਼ੁਰੂ ਕਰਦਿਆਂ ਮੇਅਰ ਐਰਿਕ ਵੁਡਵਾਰਡ ਤੇ ਉਹਨਾਂ ਦੀ ਟੀਮ ਵਿਚ ਸ਼ਾਮਿਲ ਕੌਂਸਲਰ ਉਮੀਦਵਾਰਾਂ ਦਾ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਐਰਿਕ ਵੁਡਵਾਰਡ ਨੇ ਲੈਂਗਲੀ ਟਾਉਨਸ਼ਿਪ ਦੇ ਸਰਬਪੱਖੀ ਵਿਕਾਸ ਲਈ ਸਹਿਯੋਗ ਦੀ ਅਪੀਲ ਕਰਦਿਆਂ ਦੱਸਿਆ ਕਿ ਉਹਨਾਂ ਨੇ ਪਿਛਲੇ 4 ਸਾਲ ਦੌਰਾਨ ਟਾਊਨਸ਼ਿਪ ਦੇ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਕਾਫੀ ਕੰਮ ਕੀਤਾ ਹੈ ਤੇ ਇਸ ਕੰਮ ਨੂੰ ਜਾਰੀ ਰੱਖਣ ਲਈ ਲੋਕਾਂ ਦੇ ਭਰਵੇਂ ਸਮਰਥਨ ਦੀ ਲੋੜ ਹੈ। ਉਹਨਾਂ ਕਿਹਾ ਕਿ ਲੈਂਗਲੀ ਟਾਉਨਸ਼ਿਪ ਅਗਲੇਰੇ ਸਾਲਾਂ ਵਿਚ ਮੈਟਰੋ ਵੈਨਕੂਵਰ ਦਾ ਵੱਡੀ ਆਬਾਦੀ ਵਾਲਾ ਸ਼ਹਿਰ ਬਣਨ ਜਾ ਰਿਹਾ ਹੈ। ਇਲਾਕੇ ਵਿਚ ਵੱਖ ਵੱਖ ਵਪਾਰਕ ਅਦਾਰੇ, ਬਿਜਨਸ ਸੈਂਟਰ ਅਤੇ ਵਿਕਾਸ ਦੇ ਹੋਰ ਕਈ ਕਾਰਜ ਹੋ ਰਹੇ ਹਨ। ਉਹਨਾਂ ਹੋਰ ਕਿਹਾ ਕਿ ਟਾਊਨਸ਼ਿਪ ਵਿਚ ਪਾਰਕਾਂ, ਸਕੂਲਾਂ, ਸਿਹਤ ਸੰਸਥਾਵਾਂ ਅਤੇ ਬੂਨਿਆਦੀ ਢਾਂਚੇ ਵਿਚ ਸ਼ਾਮਿਲ ਸੜਕਾਂ ਦੀ ਮਜ਼ਬੂਤੀ ਅਤੇ ਉਹਨਾਂ ਦੇ ਵਿਸਥਾਰ ਦੀ ਵੱਡੀ ਜ਼ਰੂਰਤ ਹੈ। ਉਹ ਇਥੋ ਦੇ ਵਸਨੀਕਾਂ ਉਪਰ ਟੈਕਸਾਂ ਦਾ ਬੋਝ ਪਾਉਣ ਦੇ ਹੱਕ ਵਿਚ ਨਹੀ। ਇਲਾਕੇ ਵਿਚ ਜਨਤਕ ਸੁਰੱਖਿਆ ਦੇ ਨਾਲ ਸ਼ਹਿਰੀਆਂ ਨੂੰ ਟੈਕਸਾਂ ਤੋਂ ਵਧੇਰੇ ਰਾਹਤ ਦੇਣ ਦੀ ਲੋੜ ਹੈ। ਉਹਨਾਂ ਪਿਛਲੇ ਸਮੇਂ ਦੌਰਾਨ ਟਰੱਕਿੰਗ ਕੰਪਨੀਆਂ ਲਈ ਪਾਰਕਿੰਗ ਦੀ ਸਮੱਸਿਆ ਦੇ ਹੱਲ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਉਹਨਾਂ ਦੀ ਟੀਮ ਵਿਚ ਸ਼ਾਮਿਲ ਕੌਂਸਲਰ ਉਮੀਦਵਾਰ ਸਰਬ ਰਾਏ ਨੇ ਵੀ ਸੰਬੋਧਨ ਕੀਤਾ ਤੇ ਦੱਸਿਆ ਕਿ ਅਗਰ ਉਹ ਕੌਂਸਲਰ ਚੁਣੀ ਜਾਂਦੀ ਹੈ ਤਾਂ ਲੈਂਗਲੀ ਟਾਉਨਸ਼ਿਪ ਦੇ ਇਤਿਹਾਸ ਵਿਚ ਪਹਿਲੀ ਪੰਜਾਬੀ ਮੂਲ ਦੀ ਕੌਂਸਲਰ ਹੋਵੇਗੀ। ਉਹ ਇਸ ਇਲਾਕੇ ਵਿਚ ਲੰਬੇ ਸਮੇਂ ਤੋਂ ਆਪਣੇ ਪਤੀ ਅਤੇ ਤਿੰਨ ਬੱਚਿਆਂ ਸਮੇਤ ਰਹਿ ਰਹੀ ਹੈ। ਉਹ ਲੰਬਾ ਸਮਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੀ ਅਧਿਕਾਰੀ ਰਹੀ ਹੈ। ਪਿਛਲੀ ਵਾਰ ਉਹ ਸਕੂਲ ਟਰੱਸਟੀ ਚੁਣੀ ਗਈ ਸੀ। ਉਹਨਾਂ ਮੇਅਰ ਐਰਿਕ ਵੁਡਵਾਰਡ ਦੀ ਟੀਮ ਵਿਚ ਸ਼ਾਮਿਲ ਹੋਰ ਕੌਂਸਲਰ ਉਮੀਦਵਾਰਾਂ ਦੀ ਜਾਣ ਪਹਿਚਾਣ ਵੀ ਕਰਵਾਈ। ਇਹਨਾਂ ਵਿਚ ਸ਼ਾਮਿਲ ਹਨ-
ਟਿਮ ਬੇਲੀ, ਸਟੀਵ ਫਰਗੂਸਨ, ਮਾਈਕਲ ਪ੍ਰੈਟ (ਤਿੰਨੇ ਮੌਜੂਦਾ ਮੈਂਬਰ), ਜੂਨ ਪਾਰਕ, ਸਰਬ ਰਾਏ ਅਤੇ ਟੈਸ ਰਾਊਸ। ਜਿਕਰਯੋਗ ਹੈ ਕਿ ਐਰਿਕ ਵੁਡਵਾਰਡ ਦੀ ਅਗਵਾਈ ਵਾਲੀ ਪ੍ਰਾਗਰੈਸ ਫਾਰ ਲੈਂਗਲੀ ਟਾਉਨਸ਼ਿਪ ਸਲੇਟ ਦਾ ਮੁੱਖ ਮੁਕਾਬਲਾ ਲੈਂਗਲੀ ਸਟਰਾਂਗ ਸਲੇਟ ਦੇ ਮੇਅਰ ਉਮੀਦਵਾਰ ਜੇ ਲੰਡਗਰੈਨ ਦੀ ਅਗਵਾਈ ਵਾਲੀ ਟੀਮ ਨਾਲ ਹੈ।
ਸਮਾਗਮ ਦੇ ਅਖੀਰ ਵਿਚ ਸ ਰਮਨਦੀਪ ਸਿੰਘ ਨੇ ਸਾਰੇ ਆਏ ਸੱਜਣਾਂ ਅਤੇ ਮੇਅਰ ਐਰਿਕ ਵੁਡਵਾਰਡ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਮੁੱਖ ਹਸਤੀਆਂ ਵਿਚ ਸ਼ਾਮਿਲ ਸਨ ਐਮ ਐਲ ਏ ਹਰਮਨ ਭੰਗੂ, ਅਵਤਾਰ ਸਿੰਘ ਰਾਜਾ ਗਿੱਲ, ਸੋਨੀ ਸਿੱਧੂ, ਰਾਜਿੰਦਰ ਸਿੰਘ ਢਿੱਲੋਂ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਜਗਦੇਵ ਸਿੰਘ ਮੱਖਣ, ਗੁਰਤੇਜ ਸਿੰਘ ਗਿੱਲ,ਦਵਿੰਦਰ ਗਰੇਵਾਲ, ਪੌਲ ਬੈਨੀਪਾਲ, ਰਾਜਾ ਪੰਧੇਰ, ਹਰਬੀਰ ਢਿੱਲੋਂ, ਜਤਿੰਦਰ ਸਿੰਘ ਡਾਲਾ, ਬਿੱਟੂ ਬੁੱਧਸਿੰਘਵਾਲਾ, ਰੋਜਰ ਰਾਏ ਅਤੇ ਲੈਂਗਲੀ ਟਾਉਨਸ਼ਿਪ ਵਿਚ ਸਥਿਤ ਬਿਜਨਸ ਅਦਾਰੇ ਗੋਲਡ ਲੀਫ ਕੈਰੀਅਰ, ਸੁਪਰ ਐਕਸਲ ਟਰਾਂਸਪੋਰਟ, ਟਰੀਸਟਾਰ ਟਰਾਂਸਪੋਰਟ, ਨਿਊ ਕੈਪੀਟਲ ਰੋਡਵੇਜ, ਹਾਰਬਰ ਟਰੱਕਿੰਗ, ਸੇਫਕੋ ਟਰਾਂਸਪੋਰਟ, ਬਲੂ ਰੇਅ ਟਰਾਂਸਪੋਰਟ, ਬਰਿੰਗ ਫਾਰਮਜ਼, ਮਨਤਾਜ ਟਰਾਂਸਪੋਰਟ, ਐਮ ਡੀ ਐਫ ਐਬਸਫੋਰਡ, ਡੀਜਲ ਬੱਡੀ, ਲੈਂਗਲੀ ਬੈਂਕੁਇਟ ਹਾਲ, ਵੈਜੀ ਕਿੰਗ ਫਾਰਮਜ਼ ਅਤੇ ਮਾਲਵਾ ਇਰੀਗੇਸ਼ਨ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।









