Sep 23, 2026

ਸਰੀ- ਰੂਟਿਡ ਐਂਡ ਰਾਈਜ਼ਿੰਗ ਸੀਜ਼ਨ 2 ਨੇ ਪਰਵਾਸੀ ਪੰਜਾਬੀ ਔਰਤਾਂ ਦੀਆਂ ਕਹਾਣੀਆਂ, ਜੀਵਨ ਦੇ ਤਜਰਬਿਆਂ ਅਤੇ ਪ੍ਰਾਪਤੀਆਂ ਨੂੰ ਇਕੱਠਾ ਕਰਦਿਆਂ ਪਹਿਚਾਣ, ਦ੍ਰਿੜਤਾ ਅਤੇ ਭਾਈਚਾਰੇ ਦੀ ਭਾਵਨਾ ਦਾ ਅਰਥਪੂਰਨ ਜਸ਼ਨ ਮਨਾਇਆ। ਇਸ ਸਮਾਗਮ ਦਾ ਆਯੋਜਨ ਅਤੇ ਸੰਚਾਲਨ ਡਾ. ਰੀਤਿੰਦਰ ਕੌਰ ਨੇ ਕੀਤਾ, ਜੋ ਯੂ.ਬੀ.ਸੀ. ਕਿਡਨੀ ਟ੍ਰਾਂਸਪਲਾਂਟ ਰਿਸਰਚ ਪ੍ਰੋਗਰਾਮ ਵਿੱਚ ਪ੍ਰੋਜੈਕਟ ਡਾਇਰੈਕਟਰ ਅਤੇ ਐਸ.ਐਫ਼.ਯੂ. ਦੇ ਡਿਪਾਰਟਮੈਂਟ ਆਫ਼ ਵਰਲਡ ਲੈਂਗਵੇਜਜ਼ ਐਂਡ ਲਿਟਰੇਚਰਜ਼ ਵਿੱਚ ਇੰਸਟ੍ਰਕਟਰ ਹਨ। ਇਹ ਸਮਾਗਮ 17 ਸਤੰਬਰ 2026 ਨੂੰ ਸਰੀ ਦੀ ਸਿਟੀ ਸੈਂਟਰ ਲਾਇਬ੍ਰੇਰੀ ਵਿਖੇ ਪੰਜਾਬੀ ਵੁਮੈਨਜ਼ ਸਟੋਰੀਟੈਲਿੰਗ ਵੀਕ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ। ਸਿਟੀ ਆਫ ਸਰੀ ਵੱਲੋਂ 13 ਤੋਂ 19 ਸਤੰਬਰ 2026 ਨੂੰ ਪੰਜਾਬੀ ਵੁਮੈਨਜ਼ ਸਟੋਰੀਟੈਲਿੰਗ ਵੀਕ ਵਜੋਂ ਐਲਾਨਿਆ ਗਿਆ ਸੀ, ਜਿਸ ਰਾਹੀਂ ਪੰਜਾਬੀ ਔਰਤਾਂ ਦੀਆਂ ਆਵਾਜ਼ਾਂ ਅਤੇ ਤਜਰਬਿਆਂ ਲਈ ਮੰਚ ਸਿਰਜਣ ਦੀ ਮਹੱਤਤਾ ਨੂੰ ਮਾਨਤਾ ਦਿੱਤੀ ਗਈ।

ਇਹ ਦੂਜਾ ਸੀਜ਼ਨ ਪਹਿਲੇ ਰੂਟਿਡ ਐਂਡ ਰਾਈਜ਼ਿੰਗ  ਸਮਾਗਮ ਰਾਹੀਂ ਸਥਾਪਿਤ ਕੀਤੀ ਗਈ ਸੋਚ ਨੂੰ ਅੱਗੇ ਲੈ ਕੇ ਗਿਆ। ਇਸ ਦਾ ਉਦੇਸ਼ ਪੰਜਾਬੀ ਔਰਤਾਂ ਦੀਆਂ ਕਹਾਣੀਆਂ ਨੂੰ ਅਜਿਹੇ ਜਨਤਕ ਮੰਚ ’ਤੇ ਲਿਆਉਣਾ ਸੀ, ਜਿੱਥੇ ਉਨ੍ਹਾਂ ਨੂੰ ਸੁਣਿਆ, ਸਨਮਾਨਿਆ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ। ਇਹ ਪਹਿਲ ਪੰਜਾਬੀ ਔਰਤਾਂ ਦੇ ਯੋਗਦਾਨਾਂ ਨੂੰ ਮਾਨਤਾ ਦੇਣ ਦੀ ਇੱਛਾ ਤੋਂ ਉਭਰੀ, ਨਾਲ ਹੀ ਉਨ੍ਹਾਂ ਚੁਣੌਤੀਆਂ ਅਤੇ ਬਦਲਾਵਾਂ ਨੂੰ ਵੀ ਸਵੀਕਾਰ ਕਰਦੀ ਹੈ ਜੋ ਅਕਸਰ ਪਰਵਾਸ ਅਤੇ ਕੈਨੇਡਾ ਵਿੱਚ ਨਵੀਂ ਜ਼ਿੰਦਗੀ ਵਸਾਉਣ ਦੇ ਨਾਲ ਜੁੜੇ ਹੁੰਦੇ ਹਨ।

ਇਸ ਸਮਾਗਮ ਨੇ ਭਾਈਚਾਰੇ ਦੇ ਮੈਂਬਰਾਂ ਨੂੰ ਉੱਘੀਆਂ ਪੰਜਾਬੀ ਔਰਤਾਂ ਦੀਆਂ ਗੱਲਾਂ ਸੁਣਨ ਅਤੇ ਉਨ੍ਹਾਂ ਦੀਆਂ ਨਿੱਜੀ ਤੇ ਪੇਸ਼ੇਵਰ ਜੀਵਨ-ਯਾਤਰਾਵਾਂ ਤੋਂ ਸਿੱਖਣ ਦਾ ਮੌਕਾ ਦਿੱਤਾ। ਪੈਨਲ ਵਿੱਚ ਮਨਿੰਦਰ ਗਰੇਵਾਲ (ਬੈਂਕਿੰਗ ਖੇਤਰ ਨਾਲ ਜੁੜੇ ਅਤੇ ਕਮਿਊਨਿਟੀ ਬਿਲਡਰ), ਪਰਵਿੰਦ ਗਰੇਵਾਲ (ਡਾਇਰੈਕਟਰ ਆਫ਼ ਡਾਟਾ ਸਿਸਟਮਜ਼, ਇਨਫੋਰਮੈਟਿਕਸ ਐਂਡ ਐਨਾਲਿਟਿਕਸ, ਬੀ.ਸੀ. ਟ੍ਰਾਂਸਪਲਾਂਟ), ਬਲਜਿੰਦਰ ਕੌਰ (ਮੀਡੀਆ ਸ਼ਖ਼ਸੀਅਤ), ਜਸਪ੍ਰੀਤ ਸਿੱਧੂ (ਮੀਡੀਆ ਸ਼ਖ਼ਸੀਅਤ ਅਤੇ ਰੇਡੀਓ ਹੋਸਟ), ਅਤੇ ਸੁਖਜੀਵਨ ਸੰਧੂ (ਮਨੋਵਿਗਿਆਨੀ) ਸ਼ਾਮਲ ਸਨ।

ਪੈਨਲਿਸਟਾਂ ਨੇ ਆਪਣੇ ਉਹ ਤਜਰਬੇ ਸਾਂਝੇ ਕੀਤੇ ਜੋ ਕੈਨੇਡਾ ਵਿੱਚ ਆਪਣੀਆਂ ਜ਼ਿੰਦਗੀਆਂ ਅਤੇ ਕਰੀਅਰ ਬਣਾਉਂਦਿਆਂ ਇਨ੍ਹਾਂ ਔਰਤਾਂ ਵੱਲੋਂ ਅਪਣਾਏ ਗਏ ਵੱਖ-ਵੱਖ ਰਾਹਾਂ ਨੂੰ ਦਰਸਾਉਂਦੇ ਸਨ। ਉਨ੍ਹਾਂ ਨੇ ਧਿਆਨ ਕੇਂਦਰਿਤ ਰੱਖਣ, ਲੋੜ ਪੈਣ ’ਤੇ ਮਦਦ ਮੰਗਣ, ਨਵੇਂ ਹੁਨਰ ਸਿੱਖਣ, ਸੰਪਰਕਾਂ ਅਤੇ ਨੈੱਟਵਰਕਾਂ ਦਾ ਨਿਰਮਾਣ ਕਰਨ ਅਤੇ ਵੱਖ-ਵੱਖ ਪਿਛੋਕੜਾਂ ਵਾਲੇ ਲੋਕਾਂ ਨਾਲ ਜੁੜਨ ਦੀ ਮਹੱਤਤਾ ਉਜਾਗਰ ਕੀਤੀ। ਇਹ ਗੁਣ ਵਿਅਕਤੀ ਨੂੰ ਅੱਗੇ ਵਧਣ, ਆਪਣੀ ਵਿਲੱਖਣ ਪਛਾਣ ਬਣਾਉਣ ਅਤੇ ਆਮ ਨੂੰ ਖ਼ਾਸ ਵਿੱਚ ਬਦਲਣ ਲਈ ਪ੍ਰੇਰਿਤ ਕਰਦੇ ਹਨ।

 

Leave a Reply

Your email address will not be published. Required fields are marked *