ਜਾਂਚ ਕਮੇਟੀ 15 ਦਿਨਾਂ ਵਿਚ ਦੇਵੇਗੀ ਰਿਪੋਰਟ-
ਭਾਈ ਚਾਵਲਾ ਦਾ ਅਸਤੀਫਾ ਪ੍ਰਵਾਨ, ਗਿਆਨੀ ਮਲਕੀਤ ਸਿੰਘ ਸੇਵਾਵਾਂ ਤੋਂ ਫਾਰਗ-
ਅੰਮ੍ਰਿਤਸਰ- ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਕੇਸਗੜ ਸਾਹਿਬ ਦੀ ਸਰਾਂ ਵਿਚ ਰਹਿ ਰਹੀ ਇਕ ਬੀਬੀ ਵਲੋਂ ਸ੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਖਿਲਾਫ ਜਬਰ ਜਨਾਹ ਦੇ ਦੋਸ਼ ਲਗਾਉਣ ਅਤੇ ਐਫ ਆਈ ਆਰ ਦਰਜ ਕਰਵਾਏ ਜਾਣ ਉਪਰੰਤ ਅਕਾਲ ਤਖਤ ਸਾਹਿਬ ਵਲੋਂ ਭਾਈ ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਨੂੰ ਪੰਥ ਚੋ ਖਾਰਜ ਕੀਤੇ ਜਾਣ ਦਾ ਫਤਵਾ ਸੁਣਾਉਣ ਦੇ ਬਾਵਜੂਦ ਸਿੱਖ ਸਿਆਸਤ ਵਿਚ ਉਠਿਆ ਤੂਫਾਨ ਥੰਮਣ ਦਾ ਨਾਮ ਨਹੀ ਲੈ ਰਿਹਾ। ਜਿਥੇ ਇਕ ਪਾਸੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਸਿੰਘ ਸਾਹਿਬਾਨ ਵਲੋਂ ਉਸਨੂੰ ਬਿਨਾਂ ਬੁਲਾਏ ਪੰਥ ਚੋ ਖਾਰਜ ਕੀਤੇ ਜਾਣ ਤੇ ਇਤਰਾਜ ਪ੍ਰਗਟਾਇਆ ਹੈ ਉਥੇ ਉਹਨਾਂ ਦੇ ਨੇੜਲੇ ਸਾਥੀ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਇਸ ਮਾਮਲੇ ਨੂੰ ਗਹਿਰੀ ਸਾਜਿਸ਼ ਕਰਾਰ ਦਿੱਤਾ ਹੈ। ਸਾਬਕਾ ਜਥੇਦਾਰ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਬਹਿਰੀਨ ਵਾਲੀ ਬੀਬੀ ਨੂੰ ਉਹਨਾਂ ਦੀ ਕਿਰਦਾਰਕੁਸ਼ੀ ਲਈ ਵਰਤੇ ਜਾਣ ਦੀ ਸਾਜਿਸ਼ ਅਤੇ ਕੋਸ਼ਿਸ਼ ਦਸਦਿਆਂ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ ਤੋਂ ਆਈ ਬੀਬੀ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਲਈ ਇਕ ਮੈਂਬਰੀ ਜਾਂਚ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਇਹ ਕਮੇਟੀ 15 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ। ਇਸ ਦੌਰਾਨ ਅਕਾਲ ਤਖਤ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਜਿਨ੍ਹਾਂ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਸੀ, ਨੂੰ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ ਹੈ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਦਾ ਸ੍ਰੋਮਣੀ ਕਮੇਟੀ ਦੇ ਮੈਂਬਰ ਅਸਤੀਫਾ ਵੀ ਪ੍ਰਵਾਨ ਕਰ ਲਿਆ ਗਿਆ ਹੈ।
ਇਸ ਮਾਮਲੇ ਦੀ ਜਾਂਚ ਵਾਸਤੇ ਬਣਾਈ ਕਮੇਟੀ ਵਿੱਚ ਸ੍ਰੋਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਾਇਮਪੁਰ, ਗੁਰਮੀਤ ਸਿੰਘ ਬੂਹ, ਗੁਰਿੰਦਰ ਕੌਰ ਭੋਲੂਵਾਲ, ਗੁਰਬਖਸ਼ ਸਿੰਘ ਖਾਲਸਾ ਸ਼ਾਮਲ ਹਨ, ਜਦੋਂ ਕਿ ਕਮੇਟੀ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਹੋਣਗੇ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਕਤ ਜਾਣਕਾਰੀ ਦਿੰਦਿਆਂ ਨੇ ਆਖਿਆ ਕਿ ਬੀਬੀ ਕਿੱਥੋਂ ਆਈ, ਕਦੋਂ ਆਈ ਅਤੇ ਇਸ ਨੂੰ ਕੌਣ ਲੈ ਕੇ ਆਇਆ, ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਇਹ ਬੀਬੀ ਉਨ੍ਹਾਂ ਨੂੰ ਇਕ ਦੋ ਵਾਰ ਮਿਲੀ ਜ਼ਰੂਰ ਹੈ ਪਰ ਉਸ ਵੱਲੋਂ ਕਿਸੇ ਤਰ੍ਹਾਂ ਦੀ ਅਨੈਤਿਕ ਹਰਕਤ ਹੋਣ ਬਾਰੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਪ੍ਰਚਾਰ ਬਾਰੇ ਆਖਿਆ ਕਿ ਇਸ ਦੀ ਮਰਿਆਦਾ ਹੋਣੀ ਜ਼ਰੂਰੀ ਹੈ। ਜਾਂਚ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੋਰ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ।
