ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ-
ਵੈਨਕੂਵਰ, (ਮਲਕੀਤ ਸਿੰਘ ਮਹੇਸ਼ਇੰਦਰ ਮਾਂਗਟ )- ਦੋਰਾਹਾ ਏਰੀਆ ਵੈਲਫੇਅਰ ਸੁਸਾਇਟੀ ਵੱਲੋਂ ਸਰੀ ਦੇ ਗ੍ਰੈਂਡ ਤਾਜ ਬੈਂਕੁਇਟ ਹਾਲ ਵਿੱਚ ‘ਦੋਰਾਹਾ ਨਾਈਟ’ ਬੜੀ ਧੂਮਧਾਮ ਨਾਲ ਕਰਵਾਈ ਗਈ। ਸੰਗੀਤ, ਭੰਗੜੇ ਅਤੇ ਆਪਸੀ ਮੇਲ-ਮਿਲਾਪ ਨਾਲ ਭਰਪੂਰ ਇਸ ਸਮਾਗਮ ਵਿੱਚ ਦੋਰਾਹਾ ਇਲਾਕੇ ਨਾਲ ਸਬੰਧਤ ਪਰਿਵਾਰਾਂ ਵੱਲੋਂ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।
ਇਸ ਮੌਕੇ ਤੇ ਆਯੋਜਿਤ ਇੱਕ ਰੰਗਾਰੰਗ ਪ੍ਰੋਗਰਾਮ ਦੌਰਾਨ ਪ੍ਰਸਿੱਧ ਗਾਇਕ ਗੋਰਾ ਚੱਕਵਾਲਾ, ਮਿਸ ਸੁਰਮਨੀ ਅਤੇ ਬਲਜਿੰਦਰ ਰਿੰਪੀ ਨੇ ਦੇਰ ਰਾਤ ਤੱਕ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾ ਕੇ ਹਾਜ਼ਰ ਮਹਿਮਾਨਾਂ ਦਾ ਮਨੋਰੰਜਨ ਕੀਤਾ। ਤਿੰਨਾਂ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਅਜਿਹਾ ਰੰਗ ਬੰਨ੍ਹਿਆ ਕਿ ਹਾਜ਼ਰੀਨ ਝੂਮਣ ਲਈ ਮਜਬੂਰ ਹੋ ਗਏ। ਮਹਿਮਾਨਾ ਨੇ ਤਾੜੀਆਂ ਨਾਲ ਕਲਾਕਾਰਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਦੀ ਗਾਇਕੀ ਦੀ ਭਰਵੀਂ ਪ੍ਰਸ਼ੰਸਾ ਕੀਤੀ।
ਇਸ ਦੌਰਾਨ ਕੁਝ ਦਿਲਚਸਪ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮਾਂ ਨਾਲ ਨਿਵਾਜਿਆ ਗਿਆ ਇਸ ਮੌਕੇ ਤੇ ਕੋਹਿਨੂਰ ਫੋਕ ਆਰਟਸ ਕਲੱਬ ਦੇ ਬੱਚਿਆਂ ਨੇ ਜੋਸ਼ੀਲੇ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ। ਮੰਚ ਸੰਚਾਲਕ ਹਰਜੀਤ ਗਿੱਲ ਨੇ ਆਪਣੇ ਠੇਠ ਪੇਂਡੂ ਪੰਜਾਬੀ ਲਹਿਜੇ ਅਤੇ ਦਿਲਚਸਪ ਅੰਦਾਜ਼ ਨਾਲ ਸਮਾਗਮ ਦੀ ਰੌਣਕ ਹੋਰ ਵਧਾਈ।
ਅਖੀਰ ਚ ਆਏ ਹੋਏ ਸਾਰੇ ਮਹਿਮਾਨਾਂ ਨੇ ਰਲ ਮਿਲ ਕੇ ਗ੍ਰੈਂਡ ਤਾਜ ਬੈਂਕੁਇਟ ਹਾਲ ਦੇ ਸੁਆਦਲੇ ਭੋਜਨ ਦਾ ਆਨੰਦ ਵੀ ਮਾਣਿਆ।
ਪ੍ਰਬੰਧਕਾਂ ਨੇ ਸਮਾਗਮ ਦੀ ਸਫ਼ਲਤਾ ਦਾ ਸਿਹਰਾ ਸਮੂਹ ਸਪਾਂਸਰਾਂ, ਸਹਿਯੋਗੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਦਿੰਦਿਆਂ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ।




