Aug 31, 2026

ਜਰਨੈਲ ਸਿੰਘ ਭੰਡਾਲ—

ਪਿੰਡ ਭੰਡਾਲ ਬੇਟ ਜ਼ਿਲ੍ਹਾ ਕਪੂਰਥਲਾ ਦਾ ਇਕ ਵੱਡਾ ਪਿੰਡ ਹੈ। ਦੁਆਬੇ ਦੀ ਲਹਿੰਦੀ ਹੱਦ ਮੁਕਦੀ ਹੈ ਅਤੇ ਮਾਝਾ ਸ਼ੁਰੂ ਹੁੰਦਾ ਹੈ। ਵਿਚਕਾਰ ਸਿਰਫ਼ ਬਿਆਸ ਦਰਿਆ ਵਗਦਾ ਹੈ। ਇਹ ਪਿੰਡ ਬਿਆਸ ਦਰਿਆ ਦੇ ਚੜ੍ਹਦੇ ਕੰਢੇ ਉੱਪਰ ਸਥਿਤ ਹੈ। ਇਸ ਨੂੰ ਬੇਟ ਦਾ ਇਲਾਕਾ ਵੀ ਕਹਿੰਦੇ ਹਨ ਅਤੇ ਲੋਕਾਂ ਦੀ ਬੋਲੀ ਵਿੱਚੋਂ ਮਾਝੇ ਦੀ ਪੰਜਾਬੀ ਬੋਲੀ ਦੀ ਝਲਕ ਪੈਂਦੀ ਹੈ। ਤਕਰੀਬਨ 250 ਸਾਲ ਪਹਿਲਾਂ ਬਾਬਾ ਬਲੋਲ ਜ਼ਿਲ੍ਹਾ
ਲੁਧਿਆਣਾ ਦੇ ਪਿੰਡ ਕਨੇਚ ਤੋਂ ਪਾਣੀ ਦੀ ਭਾਲ ਵਿਚ ਇੱਥੇ ਆ ਮੋੜੀ ਗੱਡੀ ਅਤੇ ਆਪਣੀ ਗੋਤ ਭੰਡਾਲ ਦੇ ਨਾਂ ਉੱਪਰ ਪਿੰਡ ਭੰਡਾਲ ਰੱਖਿਆ। ਕਿਉਨਕਿ ਬੇਟ ਦਾ ਇਲਾਕਾ ਹੈ ਇਸ ਕਰਕੇ ਦੂਸਰੇ ਭੰਡਾਲ ਪਿੰਡਾਂ ਤੋਂ ਵੱਖਰਾ ਰੱਖਣ ਵਾਸਤੇ ਨਾਂ ਭੰਡਾਲ ਬੇਟ ਰੱਖਿਆ। ਆਮ ਪੰਜਾਬ ਵਿਚ ਰਿਵਾਜ ਹੈ ਦੋ ਪਿੰਡਾਂ ਦੇ ਨਾਮ ਕਹੇ ਜਾਂਦੇ ਹਨ ਇਸ ਕਰਕੇ ਇਸ ਪਿੰਡ ਨੂੰ ਜਾਤੀਕੇ ਭੰਡਾਲ ਵੀ ਕਹਿੰਦੇ ਹਨ। ਬਾਬੇ ਬਲੋਲ ਦੇ ਪੰਜ ਪੁੱਤਰ
ਸਨ, ਉਨ੍ਹਾਂ ਦੇ ਨਾਵਾਂ ਉੱਪਰ ਪਿੰਡ ਦੀਆਂ ਪੰਜ ਪੱਤੀਆਂ ਹਨ। ਇਕ ਵੇਹੜਾ ਵੀ ਹੈ ਜਿਸ ਵਿਚ ਜ਼ਿਆਦਾ ਮਜ਼ਬੀ ਸਿੰਘ ਵਸਦੇ ਹਨ। 5 ਗੁਰਦੁਆਰੇ, ਇਕ ਧਰਮਸਾਲਾ ਅਤੇ ਇੱਕ ਬਾਬੇ ਬੁੱਲ੍ਹੇ ਸ਼ਾਹ ਜੀ ਦੇ ਪੀਰ ਬਾਬਾ ਸ਼ਾਹ ਅਨਾਇਤ ਅਲੀ ਜੀ ਦੀ ਦਰਗਾਹ ਵੀ ਹੈ। ਇਸ ਵਕਤ ਪਿੰਡ ਦੇ 585 ਘਰ ਹਨ ਅਤੇ ਲਗਭਗ 100 ਕੋਠੀਆਂ ਕਪੂਰਥਲੇ ਸ਼ਹਿਰ ਵਿਖੇ ਹਨ।
ਜਦ ਮੈਂ ਸਕੂਲੇ ਪੜ੍ਹਦਾ ਸੀ ਤਾਂ ਇਹ ਸਕੂਲ ਮਿਡਲ ਸਕੂਲ 8ਵੀਂ ਜਮਾਤ ਤੀਕਰ ਸੀ, ਅੱਜਕੱਲ ਹਾਈ ਸਕੂਲ ਹੈ। ਮੈਨੂੰ ਮੇਰੇ ਪਿਤਾ ਜੀ ਦੇ ਤਾਏ ਪੋਤਰੇ ਕੈਪਟਨ ਹਰਬੰਸ ਸਿੰਘ  ਕੱਚੀ ਜਮਾਤ ਵਿਚ ਦਾਖਲ ਕਰਵਾ ਕੇ ਆਏ ਅਤੇ ਪਰਿਵਾਰ ਨੇ ਇਸ ਖੁਸ਼ੀ ਵਿਚ ਪਤਾਸੇ ਵੰਡੇ। ਕੱਚੀ ਜਮਾਤ ਤੋਂ ਚੌਥੀ ਜਮਾਤ ਤੱਕ ਮੇਰਾ ਅਧਿਆਪਕ ਤੀਰਥ ਰਾਮ ਸੀ ਜੋ ਕਿ ਪਿੰਡ ਮੁਸਤਾਬਾਦ (ਨੇੜੇ ਸੁਭਾਨਪੁਰ) ਤੋਂ ਆਇਆ ਕਰਦਾ ਸੀ। ਸਿਰ ਉੱਪਰ ਦਸਤਾਰ ਸਿਜਾਇਆ ਕਰਦਾ ਸੀ ਅਤੇ ਲੰਮਾ ਸਾਰਾ ਪਗੜੀ ਦਾ ਲੜ ਛੱਡਿਆ ਕਰਦਾ ਸੀ। ਲੱਸੀ ਪੀਣ ਦੇ ਬਹੁਤ ਸ਼ੌਕੀਨ ਸਨ, ਸਾਡੇ ਕੋਲੋ ਘਰੋਂ ਲੱਸੀ ਮੰਗਾ ਕੇ ਪੀਆ ਕਰਦੇ ਸਨ। ਚੌਥੀ ਜਮਾਤ ਤੋਂ ਮੇਰੇ ਅਧਿਆਪਕ ਪਿੰਡ ਧਾਲੀਵਾਲ ਬੇਟ ਤੋਂ ਸ੍ਰ: ਚੰਨਣ ਸਿੰਘ ਜੀ ਸਨ, ਇਨ੍ਹਾਂ ਦਾ ਕੱਦ ਲੰਮਾ ਅਤੇ ਇਕ ਚੰਗੇ ਅਧਿਆਪਕ ਸਨ। ਬਾਬੂ ਦਰਸ਼ਨ ਸਿੰਘ ਜੀ ਜੋ ਸਾਡੇ ਹੀ ਪਿੰਡ ਤੋਂ ਕਿ ਰੱਜੇ ਪੁੱਜੇ ਕੋਠੀਵਾਲੇ ਪਰਿਵਾਰ ਵਿੱਚੋਂ ਸਨ। ਬਾਬੂ ਜੀ ਦਾ ਕੱਦ ਛੋਟਾ ਪਰ ਹੈ ਫੁਰਤੀਲੇ ਸਨ। ਬਾਬੂ ਜੀ ਸੋਸ਼ਲ ਸਟੱਡੀ ਸਬਜੈਕਟ ਪੜ੍ਹਾਇਆ ਕਰਦੇ ਸਨ। ਵਾਲੀਬਾਲ ਵੀ ਚੰਗਾ ਖੇਡਦੇ ਸਨ ਅਤੇ ਖਾਲੀ ਜਗ੍ਹਾ ਵੇਖ ਕੇ ਬਾਲ ਸੁੱਟ ਕੇ ਅੰਕ ਪ੍ਰਾਪਤ ਕਰ ਲੈਂਦੇ ਸਨ।
ਸਾਡੇ ਸਕੂਲ ਦੇ ਹੈੱਡਮਾਸਟਰ ਉਸ ਵਕਤ ਸਾਡੇ ਪਿੰਡ ਦੇ ਹੀ ਸ੍ਰ: ਹਰਬੰਸ ਸਿੰਘ ਜੀ ਸਨ। ਸ੍ਰ: ਹਰਬੰਸ ਸਿੰਘ ਜੀ ਦੀ ਸਾਡੇ ਪਿੰਡ ਨੂੰ ਵਿੱਦਿਆ ਦੇ ਖੇਤਰ ਵਿਚ ਬਹੁਤ ਦੇਣ ਹੈ। ਘਰ ਘਰ ਜਾ ਕੇ ਮਾਪਿਆਂ ਨੂੰ ਸਮਝਾਇਆ ਕਰਦੇ ਸਨ ਕੇ ਵਿੱਦਿਆ ਪ੍ਰਾਪਤ ਕਰਨਾ ਕਿੰਨਾ ਚੰਗਾ ਗੁਣ ਹੈ? ਰਾਤ ਨੂੰ ਘਰ-ਘਰ ਚੱਕਰ ਲਗਾਉਂਦੇ ਸਨ ਕਿ ਪੜ੍ਹਨ ਵਾਲੇ ਬੱਚੇ ਪੜ੍ਹਦੇ ਹਨ ਕਿ ਨਹੀਂ। ਸ੍ਰ: ਹਰਬੰਸ ਸਿੰਘ ਜੀ ਨੇ ਬਾਬੇ ਬਕਾਲੇ ਤੋਂ ਮੈਟਿ੍ਰਕ ਬਹੁਤ ਚੰਗੇ ਨੰਬਰ ਲੈ ਕੇ ਪਾਸ ਕੀਤੀ ਸੀ ਅਤੇ ਮਹਾਰਾਜਾ ਕਪੂਰਥਲਾ ਸ੍ਰ: ਜਗਤਜੀਤ ਸਿੰਘ ਜੀ ਨੇ ਇਨਾਮ ਪ੍ਰਦਾਨ ਕੀਤਾ ਸੀ। ਮਾਸਟਰ ਜੀ ਬਹੁਤ ਚੰਗੇ ਅਧਿਆਪਕ ਦੇ ਨਾਲ ਬੱਚਿਆ ਨੂੰ ਡ੍ਰਲਿ ਵੀ ਕਰਵਾਇਆ ਕਰਦੇ ਸਨ ਅਤੇ ਬਹੁਤ ਅਨੁਸਾਸ਼ਨ ਰੱਖਦੇ ਸਨ। ਮਾਸਟਰ ਜੀ ਇੰਗਲਿਸ਼ ਦੇ ਅਧਿਆਪਕ ਸਨ। ਉਸ ਵਕਤ ਅੰਗਰੇਜ਼ੀ 6ਵੀਂ ਜਮਾਤ ਤੋਂ ਪੜ੍ਹਾਈ ਜਾਂਦੀ ਸੀ। ਜਦ ਮੈਂ ਛੇਵੀਂ ਜਮਾਤ ਵਿਚ ਦਾਖਲ ਹੋਇਆ ਤਾਂ ਸ੍ਰ: ਹਰਬੰਸ ਸਿੰਘ ਜੀ ਦੀ ਬਦਲੀ ਕਪੂਰਥਲੇ ਸ਼ਹਿਰ ਹੋ ਗਈ ਇਸ ਕਰਕੇ ਮੈਨੂੰ ਸ੍ਰ: ਹਰਬੰਸ ਸਿੰਘ ਜੀ ਪਾਸੋਂ ਪੜ੍ਹਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਛੇਵੀਂ ਜਮਾਤ ਵਿਚ ਸਾਡੇ ਅੰਗਰੇਜ਼ੀ ਦੇ ਅਧਿਆਪਕ ਸ੍ਰ: ਨਰਿੰਦਰ ਸਿੰਘ ਜੀ ਪੱਡਾ ਸਨ ਜਿਨ੍ਹਾਂ ਦਾ ਪਿੰਡ ਬਿਜਲੀ ਨੰਗਲ ਲਾਗੇ ਭੁੱਲਰ ਪਿੰਡ ਦੇ ਅਤੇ ਰੰਧਾਵਾ ਬੇਟ ਦੇ ਵਿਚਕਾਰ ਹੈ। ਮਾਸਟਰ ਜੀ ਅੰਗਰੇਜ਼ੀ ਅਤੇ ਸਾਇੰਸ ਦੇ ਚੰਗੇ ਅਧਿਆਪਕ ਸਨ। ਕਿਉਂਕਿ ਹੈੱਡ ਮਾਸਟਰ ਜੀ ਸ੍ਰ. ਹਰਬੰਸ ਸਿੰਘ ਜੀ ਦੀ ਬਦਲੀ ਕਪੂਰਥਲੇ ਸ਼ਹਿਰ ਹੋ ਗਈ ਸੀ ਤਾਂ ਨਵੇਂ ਹੈੱਡ ਮਾਸਟਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਸ੍ਰ: ਗੁਰਦੀਪ ਸਿੰਘ ਜੀ ਆਏ। ਇਹ ਥੋੜ੍ਹਾ
ਸਮਾਂ ਹੀ ਜ਼ੁੰਮੇਵਾਰੀ ਨਿਭਾਉਂਦੇ ਰਹੇ ਅਤੇ ਸਾਇੰਸ ਸਬਜੈਕਟ ਦੇ ਅਧਿਆਪਕ ਸਨ। ਸ਼੍ਰੀਮਾਨ ਅਯੁੱਧਿਆ ਦਾਸ ਜੀ ਮੇਰੇ ਹਿੰਦੀ ਅਤੇ ਪੰਜਾਬੀ ਦੇ
ਅਧਿਆਪਕ ਸਨ। ਬਹੁਤ ਚੰਗੇ ਅਧਿਆਪਕ ਸਨ, ਸ਼ਾਇਦ ਪਿੰਡ ਭਵਾਰੀਪੁਰ ਤੋਂ ਆਉਂਦੇ ਸਨ। ਇਨ੍ਹਾਂ ਦਾ ਲੜਕਾ ਓਮ ਪ੍ਰਕਾਸ਼ ਵੀ ਨਾਲ ਆਇਆ ਕਰਦਾ ਸੀ। ਜੋ ਸਾਡਾ ਜਮਾਤੀ ਸੀ। ਸ੍ਰ: ਜਗਦੀਪ ਸਿੰਘ ਤੋਤੀ ਭੁੱਲਰ ਸਾਡਾ ਪੀ.ਟੀ. ਮਾਸਟਰ ਸੀ ਜਿਸ ਨੇ ਖੇਡਾਂ ਵੱਲ ਉਚੇਚਾ ਧਿਆਨ ਦਿੱਤਾ ਅਤੇ ਕਬੱਡੀ, ਫ਼ੁੱਟਬਾਲ, ਵਲੀਵਾਲ, ਖੋ-ਖੋ ਅਤੇ ਦੌੜਾਂ ਦਾ ਬਹੁਤ ਚੰਗਾ ਕੋਚ ਸੀ। ਇਸ ਦਾ ਪਿੰਡ ਭੁੱਲਰ ਬੇਟ ਜ਼ਿਲ੍ਹਾ ਕਪੂਰਥਲਾ ਜੋ ਸਾਡੇ ਪਿੰਡ ਤੋਂ ਬਹੁਤ ਦੂਰ ਨਹੀਂ ਸੀ। ਇਕ ਅਧਿਆਪਕ ਅਜੀਤ ਸਿੰਘ ਮਾਹਲ ਵੀ ਸੀ ਪਰ ਉਸ ਤੋ ਪੜਿ੍ਹਆ ਨਹੀਂ ਸਾਂ। ਕਈ ਮੇਰੇ ਜਮਾਤੀ ਛੇਵੀ ਜਮਾਤ ਜਾਂ ਸੱਤਵੀਂ ਜਮਾਤ ਤੱਕ ਹੀ ਰਹੇ ਅਤੇ ਅੱਠਵੀ ਜਮਾਤ ਤੀਕਰ ਨਹੀਂ ਪਹੁੰਚੇ, ਉਨ੍ਹਾਂ ਵਿਚ ਮੇਰੀ ਪੱਤੀ ਤੋਂ ਛਿੰਦਾ ਸੁਰਿੰਦਰ ਸਿੰਘ ਸਪੁੱਤਰ ਬਸੰਤ ਸਿੰਘ, ਪਾਲੀ ਪਾਲ ਸਿੰਘ ਸਪੁੱਤਰ ਬੂੜ ਸਿੰਘ ਅਤੇ ਅੰਬਾਵਾਲੀ ਪੱਤੀ ਤੋਂ ਸੱਬੋ-ਸਰਵਨ ਸਿੰਘ ਸਪੁੱਤਰ ਲੰਬੜਦਾਰ ਬਸੰਤ ਸਿੰਘ, ਸੋਨੀ ਸਪੁੱਤਰ ਜੈ ਸਿੰਘ, ਕੁਲਵੰਤ ਕੌਰ ਸਪੁੱਤਰੀ ਅਮਰ ਸਿੰਘ, ਇਹ ਸਾਰੇ ਪੱਤੀ ਅੰਬਾਵਾਲੀ ਤੋਂ ਸਨ। ਪੱਤੀ ਜ਼ਾਨੀਸ਼ਾਹ ਵਿੱਚੋ ਸ਼ੰਗਾਰਾ ਸਿੰਘ, ਸੋਢੀ ਸਪੁੱਤਰ ਪੰਜਾਬ ਸਿੰਘ ਅਤੇ ਸਰਵਨ ਸਿੰਘ ਸਪੁੱਤਰ ਲਛਮਣ ਸਿੰਘ। ਪਿੰਡ ਨੂਰਪੁਰ ਜਨੂੰਹਾਂ ਤੋ ਮਹਿੰਦਰ ਸਿੰਘ ਘੁੰਮਣ, ਇਕ ਪਿੰਡ ਘੁਗਬੇਟ ਤੋ ਸੀ ਜਿਸ ਨੂੰ ਸੂਕਰ ਕਿਹਾ ਕਰਦੇ ਸੀ ਅਤੇ ਇਕ ਜੋਗਿੰਦਰ ਸਿੰਘ ਸਨ। ਇਸ ਤਰਾਂ ਹੀ ਕੇਬੀ ਕੇਵਲ ਸਿੰਘ ਸਪੁੱਤਰ ਮਸੂ ਮਜਬ੍ਹੀ ਸਿੰਘ ਵੀ ਮੇਰਾ ਜਮਾਤੀ ਸੀ। ਮੇਹਰ ਸਿੰਘ ਅੰਬਾਂਵਾਲੀ ਪੱਤੀ ਵੀ ਮੇਰਾ ਜਮਾਤੀ ਸੀ। ਸ੍ਰ. ਗੁਰਦੀਪ ਸਿੰਘ ਹੈੱਡਮਾਸਟਰ ਤੋਂ ਬਾਅਦ ਜ਼ਿਲਾ ਅੰਮ੍ਰਿਤਸਰ ਤੋ ਸ੍ਰ. ਸੁਚਨਾਮ ਸਿੰਘ ਸੰਧੂ ਜੀ ਨੇ ਹੈੱਡਮਾਸਟਰ ਜੀ ਦੀ ਸੇਵਾ ਸੰਭਾਲੀ। ਸੰਧੂ ਸਾਹਿਬ ਜੀ ਦਾ ਪਿੰਡ ਨੌਸ਼ਹਿਰਾ ਪੰਨੂਆਂ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸੀ। ਬਹੁਤ ਚੰਗੇ ਅਧਿਆਪਕ ਸਨ, ਅਨੁਸਾਸ਼ਨ ਵੀ ਬਹੁਤ ਰੱਖਦੇ ਸਨ।
ਹਿਸਾਬ ਦਾ ਵਿਸ਼ਾ ਸਾਨੂੰ ਪੜ੍ਹਾਇਆ ਕਰਦੇ ਸਨ। ਉਹ ਪਰਿਵਾਰ ਸਮੇਤ ਸ੍ਰ. ਸਰਦੂਲ ਸਿੰਘ ਭੰਡਾਲ ਦੇ ਖੂਬਸੂਰਤ ਘਰ ਵਿਚ ਰਹਿੰਦੇ ਸਨ। ਸ੍ਰ. ਸਰਦੂਲ ਸਿੰਘ ਅਤੇ ਉਨ੍ਹਾਂ ਦਾ ਭਰਾ ਭਾਈ ਜੋਗਿੰਦਰ ਸਿੰਘ ਪਹਿਲਾ ਮਲਾਇਆ ਅੱਜਕਲ ਮਲੇਸ਼ੀਆ ਰਹਿੰਦੇ ਸਨ। ਉੱਥੋਂ ਫਿਰ ਇੰਗਲੈਂਡ ਚਲੇ ਗਏ ਸਨ, ਉਨ੍ਹਾਂ ਦਾ ਮਕਾਨ ਖਾਲੀ ਰਹਿੰਦਾ ਸੀ। ਇਨ੍ਹਾਂ ਦੀ ਸਪੁੱਤਰੀ ਸਰਬਜੀਤ ਕੌਰ ਵੀ ਮੇਰੀ ਜਮਾਤੀ ਸੀ। ਜਦੋਂ ਅੱਠਵੀਂ ਜਮਾਤ ਵਿਚ
ਪੜ੍ਹਦੇ ਹੁੰਦੇ ਹਾਂ ਤਾਂ ਵਿਦਿਆਰਥੀਆਂ ਦੇ ਹਾਰਮੋਨ ਬਦਲਣ ਲੱਗ ਪੈਂਦੇ ਹਨ, ਜਵਾਨੀ ਵੱਲ ਵਿਦਿਆਰਥੀ ਪੈਰ ਰੱਖਣਾ ਸ਼ੁਰੂ ਕਰ ਲੈਂਦੇ ਹਨ।
ਕਈਆਂ ਵਿਦਿਆਰਥੀ ਕੋਲੋ ਇਹ ਵੱਡੀ ਤਬਦੀਲੀ ਜ਼ਰਨੀ ਮੁਸ਼ਕਿਲ ਹੋ ਜਾਂਦੀ ਸੀ। ਇਸ ਤਰਾਂ ਹੀ ਕੁਝ ਸਰਬਜੀਤ ਕੌਰ ਨਾਲ ਵਾਪਰਨਾ ਸ਼ੁਰੂ ਹੋ ਗਿਆ। ਇਕ ਦਿਨ ਅਸੀਂ ਤਕਰੀਬਨ 10 ਵਿਦਿਆਰਥੀ ਸਕੂਲ ਤੋਂ ਬਾਅਦ ਹੈੱਡ ਮਾਸਟਰ ਸੁੱਚਨਾਮ ਸਿੰਘ ਸੰਧੂ ਦੀ ਰਿਹਾਇਸ਼ ਦੀ ਦੂਜੀ ਮੰਜ਼ਿਲ ਉੱਪਰ ਚੁਬਾਰੇ ਵਿਚ ਪੜ੍ਹਦੇ ਸਾਂ। ਸਰਬਜੀਤ ਕੌਰ ਸੰਧੂ ਨੇ ਆਪਣੇ ਹੀ ਹਮ ਜਮਾਤੀ ਟੇਕ ਚੰਦ ਸ਼ਰਮਾ ਜਿਸ ਦਾ ਪਿੰਡ ਜਾਤੀਕੇ ਸੀ, ਵੱਲ ਪਿਆਰ ਭਰੀ ਨਜ਼ਰ ਨਾਲ ਵੇਖਿਆ। ਸਰਬਜੀਤ ਕੌਰ ਦੇ ਆਪਣੇ ਬਾਪ ਹੈੱਡਮਾਸਟਰ ਸੁੱਚਨਾਮ ਸਿੰਘ ਸੰਧੂ ਜੀ ਨੇ ਦੁਹੱਥੜ ਸਬਰਜੀਤ ਕੌਰ ਦੇ ਮੌਰਾਂ ਉੱਪਰ ਮਾਰ ਘਤੀ। ਜਦੋਂ ਸਾਡੀ ਅੱਠਵੀਂ ਜਮਾਤ ਦੀ ਗ੍ਰੈਜੂਏਸ਼ਨ ਫ਼ੋਟੋ ਖਿੱਚੀ ਗਈ ਤਾਂ ਝੂਠੀ ਅਣਖ ਦੇ ਮਾਰੇ ਬਾਪ ਨੇ ਆਪਣੀ ਧੀ ਨੂੰ ਸਾਡੀ ਫ਼ੋਟੋ ਵਿਚ ਬੈਠਣ ਨਹੀਂ ਦਿੱਤਾ, ਬਾਕੀ ਸਾਰੇ ਬੱਚੇ ਫ਼ੋਟੋ ਵਿਚ ਜ਼ਮੀਨ ਉੱਪਰ ਬੈਠੇ ਹਨ। ਇਸ ਬਾਪ ਅਤੇ ਪਿਆਰੀ ਪੁੱਤਰੀ ਦਾ ਕੀ ਦਰਦਨਾਕ ਅੰਤ ਹੋਇਆ, ਉਹ ਇਸ ਲੇਖ ਦੇ ਅਖੀਰ ਵਿਚ ਲਿਖ ਰਿਹਾ ਹਾਂ।
ਜਿਹੜੀਆਂ ਮੌਜਾਂ ਸਕੂਲ ਵਿਚ ਪੜ੍ਹਦਿਆ ਮਾਣੀਆਂ ਸਨ, ਉਹ ਮੁੜ ਨਹੀਂ ਮਿਲ ਸਕੀਆਂ। ਅੱਧੀ ਛੁੱਟੀ ਨੂੰ ਕਬੱਡੀ ਖੇਡਣ ਲੱਗ ਪੈਣਾ। ਕਦੀ ਕਦਾਈਂ ਦੁਪਿਹਰ ਨੂੰ ਭੱਠੀ ਤੋਂ ਮੱਕੀ ਦੇ ਦਾਣੇ ਭੁਨਾ ਲੈਣੇ। ਮੇਰੇ ਦੋਨੋ ਛੋਟੇ ਭਰਾ ਕਰਨੈਲ ਸਿੰਘ ਅਤੇ ਮੱਖਣ ਸਿੰਘ ਵੀ ਮੇਰੇ ਤੋਂ ਪਿਛਲੀਆਂ ਜਮਾਤਾਂ ਵਿਚ ਪੜ੍ਹਦੇ ਸਨ। ਇਕ ਵਾਰੀ ਮੱਖਣ ਭੱਠੀ ਤੋਂ ਦਾਣੇ ਭੁਨਾ ਕੇ ਮੈਨੂੰ ਕਲਾਸ ਵਿਚ ਦੇਣ ਆਇਆ ਤਾਂ ਹੈੱਡਮਾਸਟਰ ਸੁੱਚਨਾਮ ਸਿੰਘ ਜੀ ਕਿਹਾ ਨਹੀਂ ਇਕੱਲੇ ਜਰਨੈਲ ਦੇ ਨਹੀਂ ਹਨ, ਸਾਰੀ ਕਲਾਸ ਨੂੰ ਵੰਡ ਦੇ। ‘ਦੋ ਦੂਣੀ ਦੋ’ ਦੇ ਪਹਾੜੇ ਇਕ ਜਣੇ ਪਹਿਲਾਂ ਅਤੇ ਸਾਰੀ ਕਲਾਸ ਨੇ ਮਗਰੋਂ ਇਤਨੀ ਜੋਰ ਦੀ ਕਹਿਣਾ ਕੇ ਅਸਮਾਨ ਚੱਕ ਲੈਂਦੇ ਸਨ। ਲੱਕੜੀ ਦੀਆਂ ਫੱਟੀਆਂ ਕੋਲ ਹੋਣੀਆਂ, ਕਈ ਵਾਰੀ ਲੜਕੇ ਇਕ ਦੂਸਰੇ ਦੇ ਮਾਰ ਵੀ ਦਿੰਦੇ ਹੁੰਦੇ ਸਨ। ਮਾਸਟਰ ਅਯੁੱਧਿਆ ਦਾਸ ਜੀ ਕੁੱਟਦੇ ਵੀ ਬਹੁਤ ਸਨ। ਅਸੀਂ ਪੰਜ ਜਮਾਤੀ ਪੜ੍ਹਨ ਨੂੰ ਹੁਸ਼ਿਆਰ ਸਾਂ, ਅਸੀ ਤਾਂ ਬਚ ਜਾਂਦੇ ਸੀ ਪਰ ਕੁਝ ਪੜ੍ਹਨ ਨੂੰ ਕਮਜ਼ੋਰ ਉਨ੍ਹਾਂ ਦੀ ਸ਼ਾਮਤ ਆ ਜਾਂਦੀ, ਲਾਗੇ ਸਕੂਲ ਦੇ ਗੁੜ ਕੱਢਣ ਵਾਲਾ ਵੇਲਣਾ ਵਗਦਾ ਹੁੰਦਾ ਸੀ, ਉਸ ਤੋਂ ਬਾਲਣ ਚੁੱਬੇ ਥੱਲੇ ਕਰਨ ਵਾਸਤੇ ਕੁਲਣੀ ਹੁੰਦੀ ਸੀ, ਉਹ ਸਖ਼ਤ ਬਹੁਤ ਹੁੰਦੀ ਸੀ, ਹੱਥ ਦੀਆਂ ਹਥੇਲੀਆਂ ਉੱਪਰ ਮਾਰਿਆ ਕਰਦਾ ਸੀ। ਜਦੋਂ ਘਰ ਤੋਂ ਸਕੂਲੇ ਜਾਣ ਵਾਸਤੇ ਤੁਰਨਾ ਤਾਂ ਪਹਿਲਾਂ ਭਾਈ ਸੰਤਾ ਸਿੰਘ-ਇੰਦਰ ਸਿੰਘ ਜੀ ਦੀ ਦੁਕਾਨ, ਫਿਰ ਬਸੰਤ ਸਿੰਘ-ਜੈ ਸਿੰਘ ਜੀ ਦੀ, ਫਿਰ ਸਾਧੂ ਸਿੰਘ ਜੀ ਦੀ ਦੁਕਾਨ ਅਤੇ ਉਸ ਦੇ ਸਾਮ੍ਹਣੇ ਥੰਮ੍ਹਣ ਸਿੰਘ ਜੀ ਦੀ। ਭਾਈ ਸਾਧੂ ਸਿੰਘ ਜੀ ਦਾ ਜਰਮਨ ਕੁੱਤਾ ਹੁੰਦਾ ਸੀ। ਇਨ੍ਹਾਂ ਗਲੀਆਂ ਤੋਂ ਅੱਗੇ ਚੱਲਣਾ ਭਾਈ ਮੁਨਸ਼ਾ ਸਿੰਘ ਛਾਕਟ ਦੀ ਦੁਕਾਨ, ਫਿਰ ਭਾਈ ਮਹਿੰਗਾ ਸਿੰਘ ਜੀ ਅਤੇ ਫਿਰ ਡੋਗ਼ਰ ਦੀ ਦੁਕਾਨ ਹੁੰਦੀ ਸੀ। ਡੋਗਰ ਨੇ ਖੋਤੇ ਵੀ ਰੱਖ ਹੁੰਦੇ ਸਨ ਜੋ 12 ਵਜੇ ਦੁਪਹਿਰ ਅੱਧੀ ਛੁੱਟੀ ਹਿਣਕਦੇ ਬਹੁਤ ਹੁੰਦੇ ਸਨ। ਸਰੀਰ ਵੀ ਪੂਰਾ ਤਾਣ ਲੈਂਦੇ ਸਨ। ਇਕ ਰੁਲਦੂ ਘਮਿਆਰ ਮਿੱਟੀ ਦੇ ਦੇ ਭਾਂਡੇ ਬਣਾਉਂਦਾ ਸੀ ਜਿਵੇਂ ਘੜੇ, ਘੜੀਆਂ, ਚੱਪਣ ਅਤੇ ਮਿੱਟੀ ਦੇ ਦੀਵੇ ਬਹੁਤ ਖੂਬਸੂਰਤ ਕਲਾ ਨਾਲ ਬਣਾਇਆ
ਕਰਦਾ ਸੀ। ਮੇਰੇ ਅੱਠਵੀਂ ਜਮਾਤ ਦੇ ਜਮਾਤੀ ਜੋ ਸਾਡੇ ਪਿੰਡ ਦੇ ਸਨ ਉਨ੍ਹਾਂ ਵਿਚ ਮੇਰੇ ਤੋਂ ਇਲਾਵਾ ਕਾਰੀ ਉਂਕਾਰ ਸਿੰਘ, ਧਮੀ ਧਰਮ ਸਿੰਘ ਅਸੀਂ ਜਿਗਰੀ ਦੋਸਤ ਵੀ ਸਾਂ ਅਤੇ ਸ਼ਾਮ ਨੂੰ ਇਕੱਠੇ ਪੜਿ੍ਹਆ ਕਰਦੇ ਸੀ। ਮੋਹਣ ਸਿੰਘ, ਤਾਰਾ ਸਿੰਘ, ਭਾਜੀ ਹਰਭਜਨ ਸਿੰਘ, ਗੁਰਮੁੱਖ ਸਿੰਘ, ਅਜੀਤ ਸਿੰਘ, ਸਵਰਨ ਸਿੰਘ, ਮੱਖਣ ਸਿੰਘ, ਅਤੇ ਰਤਨ ਸਿੰਘ ਢਿੱਲੋਂ ਜੀ ਸਨ। ਤਿੰਨ ਲੜਕੀਆਂ ਸਾਡੇ ਨਾਲ ਪੜ੍ਹਦੀਆਂ ਜਿਨ੍ਹਾਂ ਵਿਚ
ਰਾਜਿੰਦਰ ਕੌਰ ਸਪੁੱਤਰੀ ਸੋਹਣ ਸਿੰਘ ਪੋਤਰੀ ਭਾਈ ਥੰਮ੍ਹਣ ਸਿੰਘ ਜੀ ਸਨ। ਭਾਈ ਥੰਮ੍ਹਣ ਸਿੰਘ ਜੀ ਨੇ ਜੈਤੋ ਦੇ ਮੋਰਚੇ ਵਿਚ ਜੇਲ੍ਹ ਯਾਤਰਾ ਵੀ ਕੀਤੀ ਸੀ ਅਤੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਪਾਠ ਬਹੁਤ ਹੀ ਰਸੀਲੀ ਅਵਾਜ਼ ਵਿਚ ਸਰਵਣ ਕਰਵਾਇਆ ਕਰਦੇ ਸਨ। ਸੁਰਿੰਦਰ ਕੌਰ ਸਪੁੱਤਰੀ ਸੂਬੇਦਾਰ ਜਗਤ ਸਿੰਘ ਜੀ ਜੋ ਕਿ ਸਾਡੇ ਪਿੰਡ ਦੇ ਸਰਪੰਚ ਜੀ ਸਨ ਅਤੇ ਤੀਸਰੀ ਸਰਬਜੀਤ ਕੌਰ ਸੰਧੂ ਸਪੁੱਤਰੀ ਹੈੱਡ ਮਾਸਟਰ
ਸੁੱਚਨਾਮ ਸਿੰਘ ਜੀ ਸੰਧੂ ਦੀ ਬੇਟੀ ਸੀ।
ਕੁਝ ਮੇਰੇ ਜਮਾਤੀ ਲਾਗਲਿਆਂ ਪਿੰਡਾਂ ਤੋਂ ਵੀ ਸਨ। ਜਿਨ੍ਹਾਂ ਵਿਚ ਮਹਿੰਗਾ ਸਿੰਘ, ਮਨਜੀਤ ਸਿੰਘ ਚੀਮਾ ਅਤੇ ਨਿਰਮਲ ਸਿੰਘ ਜੋ ਪਿੰਡ ਨੂਰਪੁਰ ਜਨੂੰਹਾ ਪਿੰਡ ਤੋਂ ਸਨ। ਪਿੰਡ ਨੂਰਪੁਰ ਜਨੂੰਹਾ ਮੁਸਲਮਾਨ ਭਰਾਵਾਂ ਦਾ ਪਿੰਡ ਸੀ, ਮਹਿੰਗਾ-(ਮਨਜੀਤ) ਚੀਮਾ ਲਹਿੰਦੇ ਪੰਜਾਬ ਦੇ ਪਿੰਡ ਜਾਮ ਕੇ-ਚੀਮਾਂ ਜ਼ਿਲਾ ਸਿਆਲਕੋਟ ਤੋਂ ਸਨ ਅਤੇ ਨਿਰਮਲ ਸਿੰਘ ਦੇ ਮਾਤਾ ਪਿਤਾ ਵੀ ਸਿਆਲ ਕੋਟ ਜ਼ਿਲੇ੍ਹ ਤੋਂ ਆਏ ਸਨ। ਪਿੰਡ ਜਾਤੀਕੇ ਤੋਂ ਟੇਕ ਚੰਦ ਸ਼ਰਮਾ, ਜੈ ਸਿੰਘ, ਹਰਜੀਤ ਸਿੰਘ ਅਤੇ ਸੁਰਿੰਦਰ ਸਿੰਘ ਸਨ। ਪਿੰਡ ਸੰਗੋਜਲਾ ਤੋਂ ਕਰਨੈਲ ਸਿੰਘ ਔਜਲਾ ਵੀ ਮੇਰਾ ਜਮਾਤੀ ਸੀ। ਪਿੰਡ ਖੂਖਰੇਣ ਵੀ ਮੁਸਲਮਾਨ ਭਰਾਵਾਂ ਦਾ ਪਿੰਡ ਸੀ ਅਤੇ 1947 ’ਚ ਜ਼ਿਲਾ ਲਹੌਰ ਤੋਂ ਆਏ ਪਰਿਵਾਰ ਦਾ ਪੁੱਤਰ ਕਸ਼ਮੀਰਾ ਸਿੰਘ ਸੰਧੂ ਵੀ ਮੇਰਾ ਜਮਾਤੀ ਸੀ। ਪਿੰਡ ਨਰਕਟ ਵੀ ਮੁਸਲਮਾਨ ਭਰਾਵਾਂ ਦਾ ਪਿੰਡ ਸੀ ਇਸ ਪਿੰਡ ਤੋਂ ਬਲਦੇਵ ਸਿੰਘ ਮੇਰਾ ਜਮਾਤੀ ਸੀ। ਪਿੰਡ ਨੂਰਪੁਰ ਜੱਟਾਂ ਤੋਂ, ਗੁਰਦਿਆਲ ਸਿੰਘ ਪੱਡਾ ਵੀ ਮੇਰਾ ਜਮਾਤੀ ਸੀ, ਇਹ ਨੈਸ਼ਨਲ ਸਟਾਈਲ ਕਬੱਡੀ ਦਾ ਚੰਗਾ ਖਿਡਾਰੀ ਸੀ ਅਤੇ ਗਿੱਟਾ ਫੜਨ ਦਾ ਬਹੁਤ ਮਾਹਿਰ ਸੀ।
ਸਾਡੀ ਅੱਠਵੀਂ ਜਮਾਤ ਦੀ ਗ੍ਰੈਜੂਏਸ਼ਨ ਫ਼ੋਟੋ ਵਿਚ ਰਤਨ ਸਿੰਘ ਢਿੱਲੋਂ ਵਿੱਚ ਨਹੀਂ ਹੈ। ਇਸ ਦਾ ਕਾਰਨ ਵੀ ਅਜੀਬ ਹੈ, ਫੋਟੋ ਵਿਚ ਨਵੇਂ ਕੱਪੜੇ ਪਹਿਨਣ ਲਈ ਜਿਊਂ ਰਤਨ ਅਤੇ ਪਿਤਾ ਮਹਿੰਗਾ ਸਿੰਘ ਜਿਊਂ ਪਿੰਡੋਂ ਪੈਦਲ ਤੁਰੇ ਤੇ ਕਪੂਰਥਲੇ ਕੱਚੇ ਰਾਹੀਂ ਪਹਿਲਾਂ ਖੁਖਰੈਣ ਪਿੰਡ, ਫਿਰ ਖਾਨਗਾਹ ਦੇ ਕੋਲ ਦੀ ਕਾਲੀ ਵੇਈਂ ਬੇੜੀ ਵਿਚ ਬੈਠ ਕੇ ਪਾਰ ਕੀਤੀ, ਚੁੰਗੀ ਪਾਰ, ਘਰਾਟਾ ਵਾਲੀ ਵੇਈ ਪਾਰ ਕਰਕੇ ਕਪੂਰਥਲੇ ਬਜ਼ਾਰ ਪਹੁੰਚੇ।
ਦਰਜੀ ਨੇ ਕੱਪੜੇ ਤਿਆਰ ਕਰਦਿਆਂ ਦੇਰੀ ਲਾ ਦਿੱਤੀ ਅਤੇ ਜਦੋਂ ਪਿੰਡ ਵਾਪਸ ਭੰਡਾਲ ਬੇਟ ਪਹੁੰਚੇ ਤਾਂ ਲੂਥਰ ਫੋਟੋ ਗਰਾਫ਼ਰ ਫੋਟੋ ਖਿਚ ਕੇ ਜਲੰਧਰ ਨੂੰ ਵਾਪਸ ਚਲਿਆ ਗਿਆ।
ਇਕ ਵਾਰ ਮੇਰਾ ਛੋਟਾ ਭਰਾ ਕਰਨੈਲ (ਬਾਉ) ਸਾਡੇ ਤਾਇਆ ਜੀ ਸਰਦਾਰ ਚੰਨਣ ਸਿੰਘ ਜੀ ਦਾ ਮਿਲਟਰੀ ਤੋਂ ਮਿਲਿਆ ਲੰਮਾ ਸਾਰਾ ਕੋਟ ਪਾ ਕੇ ਸਕੂਲੇ ਚਲਿਆ ਗਿਆ। ਸਵੇਰ ਨੂੰ ਪਹਿਲਾ ਪ੍ਰੇਅਰ ਹੋਇਆ ਕਰਦੀ ਸੀ, ਸਾਡੇ ਪਿੰਡ ਦੇ ਅਧਿਆਪਕ ਬਾਬੂ ਦਰਸ਼ਨ ਸਿੰਘ ਜੀ ਨੇ ਸਾਰਿਆਂ ਦੇ ਸਾਹਮਣੇ ਖੜ੍ਹਾ ਕਰ ਕੇ ਅਤੇ ਮਖੌਲ ਕਰਦਾ ਕਹਿੰਦਾ ਇਹੋ ਜਿਹੇ ਕੱਪੜੇ ਪਾਇਆ ਕਰੋ। ਸਕੂਲ ਦੀ ਫੁੱਟਬਾਲ ਦੀ ਗਰਾਊਂਡ ਜਿੱਥੇ ਅੱਜਕੱਲ ਪਿੰਡ ਦੀ ਦਾਣਾ ਮੰਡੀ ਹੈ, ਉੱਥੇ ਹੁੰਦੀ ਸੀ। ਅਸੀਂ ਸਾਰਿਆਂ ਨੇ ਸ਼ਾਮ ਉੱਥੇ ਫੁੱਟਬਾਲ ਨੰਗੇ ਪੈਰੀਂ ਖੇਡਣਾ। ਮੇਰਾ ਜਮਾਤੀ ਮੋਹਣ ਸਿੰਘ ਫੁੱਟਬਾਲ ਦਾ ਬਹੁਤ ਵਧੀਆ ਗੋਲਕੀਪਰ ਹੁੰਦਾ ਸੀ ਅਤੇ ਪਾਲੀ ਫੁੱਟਬਾਲ ਦਾ ਚੰਗਾ ਖਿਡਾਰੀ ਹੁੰਦਾ ਸੀ। ਕਰਨੈਲ ਸਿੰਘ ਔਜਲਾ ਅਤੇ ਕੇਬੀ ਕੇਵਲ ਸਿੰਘ ਜ਼ਿਲੇ੍ਹ ਵਿੱਚੋਂ 1 ਮੀਲ ਦੀ ਦੌੜ ਵਿਚ ਪਹਿਲੇ ਅਤੇ ਦੂਸਰੇ ਨੰਬਰ ’ਤੇ ਆਇਆ। ਸਾਡੀ ਸਾਰੀ ਜਮਾਤ ਵਿਚ ਪੜ੍ਹਨ ਨੂੰ ਬਹੁਤ ਹੁਸਿਆਰ ਸੀ, ਸਿਰਫ਼ ਕੁਝ ਹੀ ਵਿਦਿਆਰਥੀ ਕਮਜ਼ੋਰ ਸਨ। ਅੱਠਵੀਂ ਜਮਾਤ ਦੇ ਫ਼ਾਈਨਲ ਇਮਿਤਹਾਨ ਵਿਚ ਟੇਕ ਚੰਦ ਸ਼ਰਮਾ ਪਹਿਲੇ ਨੰਬਰ ਉੱਪਰ,
ਸਰਬਜੀਤ ਕੌਰ ਸੰਧੂ ਦੂਜੇ ਨੰਬਰ ’ਤੇ, ਉਂਕਾਰ ਸਿੰਘ ਤੀਜੇ, ਰਤਨ ਸਿੰਘ ਢਿੱਲੋਂ ਚੌਥੇ ਅਤੇ ਮੈ ਪੰਜਵੇਂ ਨੰਬਰ ’ਤੇ, ਫਿਰ ਮੋਹਣ ਸਿੰਘ, ਮਹਿੰਗਾ, ਮਨਜੀਤ ਸਿੰਘ ਚੀਮਾ ਅਤੇ ਮੱਖਣ ਸਿੰਘ ਸਨ। ਸਭ ਤੋਂ ਘੱਟ ਨੰਬਰ ਅਯੁੱਧਿਆ ਦਾਸ ਅਧਿਆਪਕ ਦੇ ਸਪੁੱਤਰ ਓਮ ਪ੍ਰਕਾਸ਼ ਦੇ ਸਨ। 700 ਨੰਬਰ ਕੁੱਲ ਸਨ, ਘੱਟੋ ਘਟ 176 ਨੰਬਰ ਪਾਸ ਹੋਣ ਲਈ ਚਾਹੀਦੇ ਹੁੰਦੇ ਸਨ, ਘੱਟੋ-ਘਟ 5 ਸਬਜੈਕਟਾਂ ਵਿੱਚੋ ਘੱਟੋ-ਘੱਟ 33 ਨੰਬਰ ਚਾਹੀਦੇ ਹੁੰਦੇ ਸਨ, ਓਮ ਪ੍ਰਕਾਸ਼ ਦੇ 5 ਸਬਜੈਕਟਾਂ ਵਿੱਚੋਂ 33-33 ਨੰਬਰ ਆਏ ਅਤੇ 7 ਸਬਜੈਕਟਾਂ ਵਿੱਚੋ ਘੱਟੋ-ਘੱਟ ਚਾਹੀਦੇ ਨੰਬਰ 176 ਸਨ। ਸਾਡੇ ਜਮਾਤੀਆਂ ਵਿੱਚੋ 4 ਵਿਦਿਆਰਥੀਆਂ ਨੇ ਐੱਮ.ਏ. ਤੱਕ ਦੀ ਪੜ੍ਹਾਈ ਕੀਤੀ, ਜਿਨ੍ਹਾਂ ਵਿੱਚ ਮੈ ਐੱਮ.ਏ. ਇਕਨੌਮਿਕਸ, ਓਂਕਾਰ ਸਿੰਘ ਅਤੇ ਮਹਿੰਗਾ (ਮਨਜੀਤ) ਸਿੰਘ ਚੀਮਾ ਐੱਮ.ਏ. ਪੁਲਿਟੀਕਲ ਸਾਇੰਸ ਅਤੇ ਰਤਨ ਸਿੰਘ ਢਿੱਲੋ ਨੇ ਐੱਮ.ਏ. ਪੰਜਾਬੀ ਅਤੇ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਮੈਂ, ਓਂਕਾਰ ਸਿੰਘ ਅਤੇ ਮਨਜੀਤ ਸਿੰਘ ਕਨੇਡਾ ਆ ਵਸੇ ਪਰ ਰਤਨ ਸਿੰਘ ਢਿੱਲੋਂ ਅੰਬਾਲੇ ਸ਼ਹਿਰ ਵਿਚ ਪੰਜਾਬੀ ਦੇ ਪ੍ਰੋਫ਼ੈਸਰ ਰਹੇ ਅਤੇ ਅੱਜਕੱਲ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕਰ ਰਿਹਾ ਹੈ, ਕਈ ਵਾਰੀ ਪੰਜਾਬੀ ਬੋਲੀ ਦੀਆਂ ਕਾਨਫ਼ਰੰਸਾਂ ਵਿਚ ਪਾਕਿਸਤਾਨ ਵੀ ਭਾਗ ਲੈ ਚੁੱਕੇ ਹਨ।
ਇਸ ਲੇਖ ਨੂੰ ਅੱਗੇ ਪੂਰਾ ਲਿਖਣ ਵਿਚ ਮੈਨੂ ਮਾਨਸਿਕ ਤੌਰ ਤੇ ਬਹੁਤ ਤਕਲੀਫ਼ ਹੋ ਰਹੀ ਹੈ। ਕਈ ਵਾਰੀ ਅੱਖਾਂ ਵਿਚ ਹੰਝੂ ਆ ਗਏ ਹਨ ਅਤੇ ਕਲਮ ਅੱਗੇ ਤੁਰਨ ਤੋ ਇਨਕਾਰ ਕਰ ਰਹੀ ਹੈ। ਨਾ ਮੇਰਾ ਇਹ ਮਕਸਦ ਹੈ ਕਿ ਮੈਂ ਸਾਡੇ ਹੀ ਸਕੂਲ ਦੇ ਇਕ ਚੰਗੇ ਹੈੱਡ ਮਾਸਟਰ ਅਤੇ ਉਨ੍ਹਾਂ ਦੀ ਹੋਣਹਾਰ ਸਪੁੱਤਰੀ ਦੀ ਸ਼ਾਨ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਾਨ ਦੇ ਵਰਖਲਾਫ਼ ਕੁਝ ਲਿਖਾਂ। ਮੇਰਾ ਤਾਂ ਇਹੋ ਹੀ ਮਕਸਦ ਹੈ ਕੇ ਕਿਸੇ ਵੀ ਬਾਪ ਨੂੰ ਇਕ ਝੂਠੀ ਅਣਖ ਬਦਲੇ ਕਿਸੇ ਵੀ ਧੀ ਦੀ ਜਾਨ ਲੈਣ ਦਾ ਅਧਿਕਾਰ ਹੈ ਹੀ ਨਹੀਂ ਹੈ। ਕਹਾਣੀ ਇਸ ਤਰ੍ਹਾਂ ਹੈ ਕੇ 1965-66 ਦੇ ਸਾਲਾਂ ਦੇ ਲਾਗੇ ਛਾਗੇ ਇੰਗਲੈਂਡ ਅਤੇ ਇੱਥੋ ਤੱਕ ਕਿ ਕਨੇਡਾ ਵਿਚ ਵੀ ਯੋਗ ਅਧਿਆਪਕਾ ਦੀ ਬਹੁਤ ਜ਼ਰੂਰਤ ਸੀ। ਕੋਈ ਬੀ.ਏ., ਬੀ.ਐੱਡ. ਜਾਂ ਐੱਮ.ਏ. ਐੱਮ.ਐੱਡ ਇਨ੍ਹਾਂ ਦੇਸ਼ਾਂ ਵਿਚ ਵਸਣਾ ਚਾਹੇ ਤਾਂ ਇੰਗਲੈਂਡ ਵਾਲੇ ਵਾਊਚਰ ਅਤੇ ਕਨੇਡਾ ਵਾਲੇ ਵਰਕ ਪਰਮਿਟ ਦੇ ਦਿੰਦੇ ਸਨ। ਇਸ ਦਾ ਲਾਭ ਲੈਂਦੇ ਹੋਏ ਸੁੱਚਨਾਮ ਸਿੰਘ ਸੰਧੂ ਪਰਿਵਾਰ ਸਮੇਤ ਇਗਲੈਂਡ ਪਹੁੰਚ ਗਏ। ਇਹ ਸਤੰਬਰ 1967 ਦਾ ਵਾਕਿਆ ਹੈ ਜਦੋਂ ਸੰਧੂ ਪਰਿਵਾਰ ਇੰਗਲੈਡ ਪਹੁੰਚਾ। ਸੁੱਚਨਾਮ ਸਿੰਘ ਉਸ ਵਕਤ 38 ਸਾਲ ਦੀ ਉਮਰ ਦੇ ਸਨ। ਉਨ੍ਹਾਂ ਦੀ ਬੇਟੀ ਸਰਬਜੀਤ ਕੌਰ ਜੀ ਦੀ ਉਮਰ ਉਸ ਵਕਤ 19 ਸਾਲ ਦੀ ਸੀ। ਸੁੱਚਨਾਮ ਸਿੰਘ ਸੰਧੂ ਸ਼ੁਰੂ-ਸ਼ੁਰੂ ਵਿਚ ਕੋਈ ਲੇਬਰ ਦਾ ਕੰਮ ਕਰਨ ਲੱਗ ਪਏ। ਸਪੁੱਤਰੀ ਸਰਬਜੀਤ ਕੌਰ ਵੀ ਕੰਮ ਕਰਨ ਲੱਗ ਪਈ।
4 ਅਪ੍ਰੈਲ 1968 ਦੋ ਰੇਲਵੇ ਗਡੀ ਦੇ 2 ਡਰਾਈਵਰ ਆਪਣੇ ਕੰਮ ਤੋਂ ਬਾਅਦ ਕੁਝ ਖਾਲੀ ਗੱਡੀ ਦੇ ਡੱਬੇ ਦਾ ਮੁਆਇਨਾ (ਚੈੱਕਅੱਪ) ਕਰਨ ਲੱਗ ਪਏ। ਇਹ ਆਮ ਹੁੰਦਾ ਸੀ ਅਤੇ ਕਈ ਵਾਰੀ ਕਈ ਮੁਸਾਫ਼ਰ ਜਲਦਬਾਜ਼ੀ ਨਾਲ ਸੂਟ ਕੇਸ ਗੱਡੀ ਵਿਚ ਹੀ ਛੱਡ ਜਾਂਦੇ ਸਨ ਅਤੇ ਉਹ Lost and 6ound ਮਹਿਕਮੇ ਨੂੰ ਦੇ ਦਿੱਤੇ ਜਾਂਦੇ ਸਨ। ਇਕ ਸੂਟਕੇਸ ਖਾਲੀ ਡੱਬੇ ਵਿੱਚੋਂ ਮਿਲਿਆ ਪਰ ਇਹ ਦੂਸਰੇ ਸੂਟ ਕੇਸਾਂ ਨਾਲੋਂ ਵੱਖਰਾ ਸੀ, ਇਸ ਵਿੱਚੋ ਖ਼ੂਨ ਵਗ ਰਿਹਾ ਸੀ। ਸੂਟਕੇਸ ਸਬੰਧਿਤ ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ, ਖੋਲ੍ਹਣ ਉੱਪਰ ਪਤਾ ਲੱਗਾ ਇਕ ਇਕ ਮਨੁੱਖੀ ਸਰੀਰ ਦਾ ਮੁੱਖ ਹਿੱਸਾ ਹੈ। ਉਸ ਦਿਨ ਹੀ ਇਕ ਸੂਟ ਕੇਸ 150 ਮੀਲ ਦੂਰੀ ਉੱਪਰ ਮਿਲਿਆ ਜਿਸ ਵਿਚ ਮਨੁੱਖੀ ਸਰੀਰ ਦੀਆਂ ਲੱਤਾਂ ਸਨ। ਇਕ ਹਫ਼ਤਾ ਬਾਅਦ ਇਕ ਹੋਰ ਬੌਕਸਿੰਗ ਵਾਲਾ ਬੈਗ ਮਿਲਿਆ ਜਿਸ ਵਿਚ ਇਕ ਮਨੁੱਖੀ ਸਿਰ ਸੀ। ਜਕਾਟਲੈਂਡ ਜਾਰਡ ਦੁਨੀਆਂ ਦੀ ਮੰਨੀ ਪ੍ਰਮੰਨੀ ਇਨ੍ਹਾਂ ਮਾਮਲਿਆਂ ਨੂੰ ਸੁਲਝਾਉਣ ਵਾਲੀ ਸੰਸਥਾ ਹੈ, ਉਸ ਨੂੰ ਵੀ ਇਹ ਕਤਲ ਦੀ ਗੁੱਥੀ ਸੁਲਝਾਉਣ ਵਿਚ ਬਹੁਤ ਕਠਿਨਾਈ ਆ ਰਹੀ ਸੀ। ਸਿਆਣਿਆਂ ਦੀ ਕਹਾਵਤ ਹੈ ਕਿ ਕਤਲ ਆਪਣੀਆਂ ਪੈੜਾਂ ਛੱਡ ਜਾਂਦਾ ਹੈ। ਹੋਇਆ ਇਹ ਕਿ ਕੁਝ ਲੜਕੀਆਂ ਵਾਲੇ ਕੱਪੜੇ ਸਰੀਰ ਦੇ ਨਾਲ ਕੇਸ ਵਿਚ ਸਨ। ਇਸ ਪਹਿਰਾਵੇ ਨੂੰ ਵੇਖ ਕੇ ਸਕਾਟਲੈਂਡ ਜਾਰਡ ਨੂੰ ਇਹ ਯਕੀਨ ਹੋ ਗਿਆ ਕਿ ਇਹ ਕਿਸੇ ਭਾਰਤੀ ਜਾਂ ਪਾਕਿਸਤਾਨੀ ਮੂਲ ਦੇ ਮਨੁੱਖ ਦਾ ਸਰੀਰ ਹੀ ਹੋ ਸਕਦਾ ਹੈ। ਇਸ ਪਹਿਰਾਵੇ ਦੀਆਂ ਇਗਲੈਂਡ ਦੇ ਮੁੱਖ ਅਖ਼ਬਾਰਾਂ ਵਿਚ ਫੋਟੋ ਛਪੀਆਂ। ਕੁਝ ਲੜਕੀਆਂ ਜੋ ਸਰਬਜੀਤ ਕੌਰ ਸੰਧੂ ਨਾਲ ਕੰਮ ਕਰਦੀਆਂ ਸਨ, ਉਨ੍ਹਾਂ ਸਕਾਟਲੈਂਡ ਜਾਰਡ ਨੂੰ ਸੂਚਿਤ ਕੀਤਾ ਕੇ ਇਹੋ ਜਿਹੇ ਕੱਪੜੇ ਸਰਬਜੀਤ ਕੌਰ ਸੰਧੂ ਦੇ ਪਾਏ ਹੋਏ ਸਨ।
ਸਕਾਟਲੈਂਡ ਜਾਰਡ ਨੇ ਸਰਬਜੀਤ ਕੌਰ ਦੇ ਪਿਤਾ ਜੀ ਸਾਡੇ ਹੈੱਡ ਮਾਸਟਰ ਸ੍ਰ. ਸੁੱਚਨਾਮ ਸਿੰਘ ਸੰਧੂ ਉੱਪਰ ਆਪਣੀ ਪੁੱਛ-ਪੜਤਾਲ ਅਤੇ ਸ਼ੱਕ ਦੀ ਸੂਈ ਜਾ ਟਿਕਾਈ। ਪੁੱਛ-ਪੜਤਾਲ ਸ਼ੁਰੂ ਹੋਈ ਅਤੇ ਭਾਈ ਸੁੱਚਨਾਮ ਸਿੰਘ ਸੰਧੂ ਨੂੰ ਸਵਾਲ ਪੁੱਛੇ ਗਏ। ਪਹਿਲਾਂ ਤਾਂ ਪੈਰਾਂ ਉੱਪਰ ਪਾਣੀ ਨਾ ਪੈਣ ਦੇਵੇ ਅਤੇ ਗਲਤ ਬਿਆਨਬਾਜ਼ੀ ਸੁਰੂ ਕਰ ਦਿੱਤੀ ਅਤੇ ਬਹਾਨੇ ਬਣਾਉਣ ਲੱਗ ਪਿਆ। ਅਖੀਰ ਸਕਾਟਲੈਂਡ ਜਾਰਡ ਦੀ ਟੀਮ ਦੀ ਪੂਰੀ ਪੁੱਛ ਪੜਤਾਲ ਤੋਂ ਬਾਅਦ ਇਸ ਸਿੱਟੇ ਉੱਪਰ ਪਹੁੰਚੀ ਕਿ ਸਰਬਜੀਤ ਕੌਰ ਨੂੰ ਪਹਿਲਾਂ ਨੀਂਦ ਦੀਆਂ ਗੋਲੀਆਂ ਖਵਾਈਆਂ ਗਈਆਂ, ਫਿਰ ਉਸ ਦੇ ਸਿਰ ਉੱਪਰ ਕਿਸੇ ਚੀਜ਼ ਨਾਲ ਜ਼ੋਰ ਦੀ ਸੱਟ ਮਾਰੀ ਗਈ, ਫਿਰ ਆਰੀ ਨਾਲ ਸਰੀਰ ਦੇ ਵੱਖਰੇ-ਵੱਖਰੇ ਟੁਕੜੇ ਕੀਤੇ ਗਏ ਅਤੇ ਵੱਖਰੇ-ਵੱਖਰੇ ਸੂਟਕੇਸਾਂ ਵਿਚ ਪਾ ਕੇ ਖਿੱਲਰ ਪੁਲਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਿੱਟਾ ਇਹ ਨਿਕਲਿਆ ਕੇ ਸਰਬਜੀਤ ਕੌਰ ਦੇ ਬਾਪ ਸੁੱਚਨਾਮ ਸਿੰਘ ਸੰਧੂ ਨੇ ਆਪਣੇ ਹੀ ਜਿਗਰ ਦੇ ਟੋਟੇ ਦਾ ਇਕ ਝੂਠੀ ਅਣਖ ਬਦਲੇ ਇਸ ਸ਼ੱਕ ਵਿਚ ਕੇ ਸਰਬਜੀਤ ਕੌਰ ਕਵਾਰੀ ਹੀ ਮਾਂ ਬਣਨ ਵਾਲੀ ਹੈ। ਕੋਰਟ ਵਿਚ ਕੇਸ ਚੱਲਿਆ ਅਤੇ ਸੁੱਚਨਾਮ ਸਿੰਘ ਸੰਧੂ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਉਮਰ ਕੈਦ ਭੋਗਦੇ ਦਾ ਭੌਰ ਹਮੇਸ਼ਾ ਵਾਸਤੇ ਉਡਾਰੀ ਮਾਰ ਗਿਆ। ਝੂਠੀ ਅਣਖ ਨੇ ਕੀ ਪਾਇਆ, ਸਗੋਂ ਪਰਿਵਾਰ ਵੱਧ ਬੇਇੱਜ਼ਤ ਕੀਤਾ ਅਤੇ ਆਪਣੀ ਅਤੇ ਆਪਣੀ ਸਪੁੱਤਰੀ ਨੂੰ ਦੀ ਜਾਨ ਬੇਵਕਤ ਲੈ ਬੈਠਾ। ਸਰਬਜੀਤ ਕੌਰ ਨੇ ਆਪਣੀ ਤਾਂ ਕੁਰਬਾਨੀ ਦੇ ਦਿੱਤੀ ਪਰ ਹਜ਼ਾਰਾਂ ਬੇਟੀਆਂ ਦੀਆਂ ਜਾਨਾਂ ਆਉਣ ਵਾਲੇ ਸਮੇ ਵਾਸਤੇ ਬਚਾ ਗਈ ਹੈ।
॥ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ॥
॥ ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ॥ (ਗ:ਗ:ਸ)
ਮੈਂ ਇਸ ਤਰ੍ਹਾਂ ਆਪਣੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੀਆਂ ਮਿੱਠੀਆਂ ਅਤੇ ਦਰਦ ਭਰੀਆਂ ਯਾਦਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ।

Leave a Reply

Your email address will not be published. Required fields are marked *