ਸਮੀਖਿਆ- ਮਲਵਿੰਦਰ—
ਕਾਵਿ ਸਿਰਜਣਾ ਸੌਖੀ ਨਹੀਂ ਹੈ । ਪਰ ਅੱਜਕੱਲ੍ਹ ਲੱਗ ਇੰਝ ਰਿਹਾ ।ਇਸ ਦੇ ਕੁਝ ਕਾਰਣ ਹੋ ਸਕਦੇ ਹਨ ।ਸਭ ਤੋਂ ਵੱਡਾ ਕਾਰਨ ਸ਼ੋਸ਼ਲ ਮੀਡੀਆ ਹੈ ।ਕੁਝ ਵੀ ਲਿਖੋ, ਸ਼ੋਸ਼ਲ ਮੀਡੀਆ ‘ਤੇ ਪੋਸਟ ਪਾਉਣ ਨਾਲ ਉਹ ਕਵਿਤਾ ਹੋ ਜਾਂਦਾ ਹੈ ।ਪਰ ਕਦੀ ਇੰਝ ਵੀ ਲੱਗਦਾ ਕਿ ਇਸ ਬਹਾਨੇ ਬਹੁਤ ਸਾਰੇ ਲੋਕ ਕਵਿਤਾ ਨਾਲ ਜੁੜੇ ਹਨ । ਲਿਖਦੇ ਹਨ ਤਾਂ ਪੜ੍ਹਦੇ ਵੀ ਹੋਣਗੇ ।ਇਸ ਬਹਾਨੇ ਨਿੱਗਰ ਕਵਿਤਾ ਵੀ ਸਾਹਮਣੇ ਆ ਰਹੀ ਹੈ ।’ ਯਾਰੜਿਆ’ ਹਰਿਆਣੇ ਵਿੱਚ ਵੱਸਦੀ ਕਵਿੱਤਰੀ ਛਿੰਦਰ ਕੌਰ ਸਿਰਸਾ ਦਾ ਨਵਾਂ ਕਾਵਿ ਸੰਗ੍ਰਹਿ ਹੈ ।ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਪੜ੍ਹਦਿਆਂ ਤਸੱਲੀ ਦਾ ਅਹਿਸਾਸ ਹੁੰਦਾ ਹੈ ।ਕਵਿਤਾ ਲਿਖਣ ਲਈ ਕਵੀ ਕੋਲ ਸ਼ਬਦਾਂ ਦਾ ਭੰਡਾਰ ਹੋਣਾ ਚਾਹੀਦਾ ਹੈ ।ਸ਼ਬਦ ਕੁਝ ਸਾਡੇ ਪਿਛੋਕੜ ਵਿੱਚੋਂ ਆਏ, ਸਾਡੇ ਪੁਰਖਿਆਂ ਦੇ ਮੂੰਹੋਂ ਸੁਣੇ ਤੇ ਸ਼ਬਦ ਕੁਝ ਸਮਕਾਲ ਦੇ ਨਵ-ਮੁਹਾਂਦਰੇ ਦੀ ਉੱਤਰ ਆਧੁਨਿਕ ਦੇਣ ।ਛਿੰਦਰ ਕੌਰ ਸਿਰਸਾ ਕੋਲ ਪਾਕਿਸਤਾਨ ਤੋਂ ਹਿਜਰਤ ਕਰਕੇ ਆਈ ਨਾਨੀ ਦੇ ਮੂੰਹੋਂ ਸੁਣੇ ਸ਼ਬਦ ਵੀ ਸਾਂਭੇ ਪਏ ਹਨ ।ਸ਼ਬਦ ਹੋਣੇ ਤੇ ਸ਼ਬਦਾਂ ਪ੍ਰਤੀ ਸਤਿਕਾਰ ਵੀ ਹੋਣਾ ਸਿਰਜਣਾ ਦੀ ਸਾਹਿਤਕ ਲੋੜ ਹੈ: ਮੇਰੀ ਕਵਿਤਾ ਵਿਚਲੇ ਸਾਰੇ ਸ਼ਬਦ ਜਿਉਂ ਕਿਸੇ ਇਬਾਦਤ ਯੋਗੀ ਬੁੱਤ ਦੇ ਪੈਰੀਂ ਪੂਜਾ ਦਾ ਸਮਾਨ ਹੋਵੇ ਪੰਨਾ 33 ਜਿਸ ਖ਼ਤ ਨੂੰ ਲਿਖਣ ਲੱਗਿਆਂ ਝੁਕ ਗਏ ਸਨ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਪੰਨਾ 132 ਜਿਸ ਸਿਰਜਣ ਪ੍ਰਕਿਰਿਆ ਦੌਰਾਨ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਝੁਕ ਜਾਣ, ਉਸ ਸਿਰਜਣਹਾਰ ਦੀ ਕਲਪਨਾ, ਕਾਵਿ ਉਡਾਰੀ ਅਤੇ ਵਿਚਾਰਧਾਰਕ ਪੁਖਤਗੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ । ਗੱਲ ਜਦ ਕਵਿਤਾ ਦੇ ਹਵਾਲੇ ਨਾਲ ਹੁੰਦੀ ਹੈ ਤਾਂ ਕਾਵਿ ਭਾਸ਼ਾ ਦਾ ਜ਼ਿਕਰ ਵੀ ਹੁੰਦਾ ਹੈ । ਕਾਵਿ ਭਾਸ਼ਾ ਹੋਰਨਾਂ ਭਾਸ਼ਾਵਾਂ ਵਾਂਗੂੰ ਕੋਈ ਵੱਖਰੀ ਭਾਸ਼ਾ ਨਹੀਂ ਹੈ । ਇਹ ਭਾਸ਼ਾ ਤਾਂ ਕਾਵਿ ਸਿਰਜਣਾ ਦਾ ਹੀ ਅੰਗ ਹੈ । ਹਰ ਕਵੀ ਆਪਣੀ ਕਾਵਿ ਭਾਸ਼ਾ ਸਿਰਜਦਾ ਹੈ ।ਇਹ ਕਾਵਿ ਭਾਸ਼ਾ ਜਟਿਲਤਾ ਨੂੰ ਸਹਿਜਤਾ ਪ੍ਰਦਾਨ ਕਰਦੀ ਹੈ । ‘ ਗੱਲਾਂ ਬਾਤਾਂ ‘ ਕਵਿਤਾ ਦੀਆਂ ਸਤਰਾਂ ਹਨ: ਸੱਚਮੁੱਚ ਦੀਆਂ ਲੱਗਣ ਵਾਲੀਆਂ ਹੱਥੀਂ ਬਣਾਈਆਂ ਪਾਣੀ ਦੀਆਂ ਤਸਵੀਰਾਂ ਨੂੰ ਪੀਣਾ ਤਕਦੀਰਾਂ ਸਨ ਪੰਨਾ 50 ਚੰਗੀ ਕਵਿਤਾ ਦੀ ਇੱਕ ਪਛਾਣ ਇਹ ਵੀ ਹੁੰਦੀ ਹੈ ਕਿ ਉਸ ਕਵਿਤਾ ਵਿੱਚ ਕਵਿਤਾਵਾਂ ਹੁੰਦੀਆਂ ਹਨ ।ਇਹ ਦੋ ਸਤਰਾਂ ਦੀ ਕਵਿਤਾ ਵੀ ਹੋ ਸਕਦੀ ਹੈ, ਵੱਧ ਦੀ ਵੀ ।ਕੁਝ ਸਤਰਾਂ ਵੇਖਦੇ ਹਾਂ: ਇੱਕ ਪਿਆਸ ਪੁਰਾਣੀ ਨੂੰ ਦਰਿਆਵਾਂ ਦੇ ਦਰਸ ਕਰਾ 38 ਛੋਟੇ ਵੱਡੇ ਰੁੱਖਾਂ ਨੂੰ ਇੱਕੋ ਜਿਹੀ ਥਾਂ ਦਿੰਦੇ ਜੰਗਲ ਲਈ ਦੁਆ ਕਰਦਾ 51 ਮੈਂ ਤੇਰੇ ਹਿੱਸੇ ਦਾ ਉਹ ਖ਼ਤ ਹਾਂ ਜਿਸਦੀ ਭਾਸ਼ਾ ਕਿਸੇ ਹੋਰ ਨੂੰ ਸਮਝ ਨਹੀਂ ਆਉਂਣੀ 105 ਇੰਝ 230 ਪੰਨਿਆਂ ਦੀ ਕਿਤਾਬ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਪਈਆਂ ਹਨ । <This message was edited> ਛਿੰਦਰ ਕੌਰ ਸਿਰਸਾ ਦੀ ਸਮੁੱਚੀ ਕਾਵਿ ਪੋਥੀ ਦੇ ਕੇਂਦਰ ਵਿੱਚ ਭਾਵੇਂ ਮੁਹੱਬਤ ਪਈ ਹੈ, ਪਰ ਮੁਹੱਬਤ ਤੋਂ ਬਿਨਾਂ ਵੀ ਉਸ ਬਹੁਤ ਸਾਰੇ ਵਿਸ਼ਿਆਂ ਉੱਪਰ ਕਵਿਤਾਵਾਂ ਲਿਖੀਆਂ ਹਨ ।ਇਨ੍ਹਾਂ ਵਿਸ਼ਿਆਂ ਵਿੱਚ ਔਰਤ ਦਾ ਸੰਘਰਸ਼ ਵੀ ਹੈ, ਕੁਦਰਤ ਹੈ, ਸਮਾਜ ਹੈ, ਬੀਤੇ ਦੇ ਚੇਤੇ, ਪਰਵਾਸ ਅਤੇ ਭਵਿੱਖ ਦੀਆਂ ਚੁਣੌਤੀਆਂ ਵੀ ਹੈ ।ਉਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਹਵਾਲੇ ਨਾਲ ਪੀੜ੍ਹੀ ਦਰ ਪੀੜ੍ਹੀ ਤੁਰਦੇ ਨਾਨਕ ਫ਼ਲਸਫ਼ੇ ਦਾ ਭਾਵਪੂਰਤ ਕਾਵਿਕ ਬਿਰਤਾਂਤ ਸਿਰਜਿਆ ਹੈ : ਨਾਨਕ ਸ਼ਾਹ ਫ਼ਕੀਰ ਦੀ ਬਾਣੀ ਪਵਿੱਤਰ ਇਤਿਹਾਸ ਪਵਿੱਤਰ, ਪੀੜ੍ਹੀ ਦਰ ਪੀੜ੍ਹੀ ਵਿਚਰਦਿਆਂ ਹੋਇਆਂ ਅਤੇ ਗਹੁ ਨਾਲ ਪੜ੍ਹੀ ਸਾਖੀ ਵਿਚਲੀ ਸੱਚ ਦੇ ਸੰਦੇਸ਼ ਦੀ ਬਾਣੀ ਵਿਚਲਾ ਨਾਨਕ ਅੰਗ ਅੰਗ ਮਹਿਸੂਸ ਕਰਦੇ…….. 40 ਇੰਝ ਹੀ ‘ ਨਤਮਸਤਕ ‘ ਵੇਲ-ਬੂਟੀਆਂ, ਕਾਠ ਦਾ ਜੀਅ, ਖੂਹ, ਨੇੜਲੇ ਸਾਕ, ਕਿਤਾਬ ਮਹਿਲ ਆਦਿ ਬਹੁਤ ਸਾਰੀਆਂ ਕਵਿਤਾਵਾਂ ਹਨ ਜਿਹਨਾਂ ਵਿੱਚ ਕੁਦਰਤ ਸਮੇਤ ਵਿਸ਼ਿਆਂ ਦੀ ਵਿਭਿੰਨਤਾ ਹੈ । ਛਿੰਦਰ ਦੀ ਕਵਿਤਾ ਵਿਚਲਾ ਪਿਆਰ ਚਿਪਚਿਪਾ ਜਿਹਾ ਕਿਸੇ ਅੱਲੜ ਕੁੜੀ ਦਾ ਰੁਮਾਂਸ ਨਹੀਂ ਹੈ ।ਇਹ ਮੁਹੱਬਤ ਦੇ ਗਹਿਰੇ ਅਹਿਸਾਸ ਦਾ ਕਾਵਿਕ ਰੂਪਾਂਤਰਣ ਹੈ ਜੋ ਪਾਠਕ ਨੂੰ ਰੂਹ ਦੇ ਅੰਬਰੀ ਪ੍ਰਵਾਜ ਦੇ ਸਫ਼ਰ ‘ਤੇ ਲੈ ਜਾਂਦਾ ਹੈ ।ਇਨ੍ਹਾਂ ਕਵਿਤਾਵਾਂ ਵਿੱਚ ਕਾਵਿਕਤਾ ਨਵੀਆਂ ਉਚਾਈਆਂ ਨੂੰ ਛੂਹਦੀ ਮਹਿਸੂਸ ਹੁੰਦੀ ਹੈ ।ਇਹ ਮੁਹੱਬਤ ਦੇਹੀ ਮਿਲਾਪ ਤੋਂ ਪਾਰ ਸ਼ਬਦਾਂ ਦੇ ਤਲਿਸਮ ਦਾ ਮਿਲਾਪ ਹੈ : ਤੇਰੇ ਦਰਾਂ ਦੀ ਨਮਾਜ਼ੀ ਹਮ ਤਾਸੀਰ ਇਹ ਹਵਾਵਾਂ ਤੇਰੇ ਦਰ ਜਦ ਸੀਸ ਨਿਵਾਉਣ ਯਾਰੜਿਆ ਤੂੰ ਮੱਥਾ ਚੁੰਮੀਂ ਇਹ ਪੈਰ ਚੁੰਮਣਗੀਆਂ. 211 ਆਪਣੀਆਂ ਅੱਖਾਂ ‘ਤੇ ਆਪਣੀਆਂ ਹੀ ਤਲੀਆਂ ਧਰਕੇ ਮੋੜ ਦੇਨੀਂ ਹਾਂ ਪੁੱਠੇ ਪੈਰੀਂ ਉਹ ਸਾਰੇ ਬੁਰੇ ਸੁਪਨੇ ਜਿਨ੍ਹਾਂ ਵਿੱਚ ਤੂੰ ਨਹੀਂ ਹੁੰਦਾ 48 ਛਿੰਦਰ ਕੌਰ ਸਿਰਸਾ ਮੁਹੱਬਤ ਨੂੰ ਪ੍ਰੇਮ ਨੂੰ ਅਸਥਾ ਤਕ ਲੈ ਜਾਂਦੀ ਹੈ ।ਉਹ ਉਸ ਮੁਹੱਬਤ ਦੀ ਗੱਲ ਕਰਦੀ ਹੈ ਜਿੱਥੇ ਨਾ ਸ਼ਿਕਵੇ ਨਾ ਸ਼ਿਕਾਇਤਾਂ ਹੋਣ,ਸਿਰਫ਼ ਮੋਹ ਹੋਵੇ ।ਉਸ ਲਈ ਰੁੱਸਣ ਦਾ ਹਰ ਵੇਲਾ ਸੋਗੀ ਰਸਮ ਜਿਹਾ ਹੈ ।ਅੱਗ ਰੰਗੇ ਸੁਪਨੇ, ਨਰਮ ਗੁਲਾਬ, ਖੂਹ, ਸੁਚੱਮ, ਫੱਗਣ, ਪੈਰਾਂ ਦਾ ਖੜਾਕ ਆਦਿ ਉਹ ਕਵਿਤਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਵਿਸ਼ੇਸ਼ ਕਰਨਾ ਬਣਦਾ ਹੈ ।ਪੈਰਾਂ ਦਾ ਖੜਾਕ ਵਿੱਚ ਦੂਰੀ ਦੀ ਜੋ ਪਰਿਭਾਸ਼ਾ ਘੜੀ ਹੈ, ਉਹ ਤਾਂ ਪੜ੍ਹਨੀ ਬਣਦੀ ਹੈ: ਸਾਡੇ ਘਰ ਤੋਂ ਮੰਦਰ ਮਸਜਿਦ ਗੁਰਦੁਆਰਾ ਦੂਰ ਉੱਤੋਂ ਤੂੰ ਵੀ ਦੂਰ ਤਾਈਓਂ ਨਾ ਅੱਜ ਤੱਕ ਸੁੱਖ ਦਾ ਸਾਹ ਆਇਆ ਖਾਣਾ ਭੁੱਲਾਂ ਪੀਣਾ ਭੁੱਲਾਂ ਸੌਣਾ ਭੁੱਲਾਂ,ਰੱਖ ਰੱਖ ਭੁੱਲਾਂ ਚੀਜ਼ਾਂ ਤੇਰੀ ਯਾਦ ਨੂੰ ਨਾ ਰੱਖ ਕੇ ਭੁੱਲਣਾ ਆਇਆ ਯਾਰੜਿਆ ਕਾਵਿ-ਸੰਗ੍ਰਹਿ ਨੂੰ ਪੜ੍ਹਦਿਆਂ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਜਿਸ ਰਫ਼ਤਾਰ ਨਾਲ਼ ਕਵਿਤਾ ਦੀਆਂ ਕਿਤਾਬਾਂ ਛਪ ਰਹੀਆਂ ਹਨ, ਉਸ ਵਿੱਚ ਯਾਰੜਿਆ ਵਰਗੀ ਕਿਤਾਬ ਦੀ ਆਮਦ ਹੋਈ ਹੈ ।ਇਹ ਪੁਸਤਕ ਪੜ੍ਹਨ ਵਾਲੀ ਵੀ ਹੈ ਅਤੇ ਸਾਂਭਣ ਵਾਲੀ ਵੀ ।ਇਸ ਕਿਤਾਬ ਦਾ ਸਵਾਗਤ ਕਰਨਾ ਬਣਦਾ ਹੈ । ਮਲਵਿੰਦਰ . 9779591344 <This message was edited> ਛਿੰਦਰ ਕੌਰ ਸਿਰਸਾ ਦੀ ਇਸ ਪੁਸਤਕ ਵਿੱਚ ਕਈ ਛੋਟੀਆਂ ਕਵਿਤਾਵਾਂ ਹਨ । ਛੋਟੀ ਕਵਿਤਾ ਦੀ ਵਡੱਤਣ ਥੋੜ੍ਹੇ ਸ਼ਬਦਾਂ ਵਿੱਚ ਵੱਡਾ ਤੇ ਗਹਿਰਾ ਵਿਚਾਰ ਸਮੇਟਣ ਵਿੱਚ ਹੁੰਦੀ ਹੈ ।ਛੋਟੀਆਂ ਕਵਿਤਾਵਾਂ ਅਕਸਰ ਪਾਠਕ ਨੂੰ ਹਲੂਣਾ ਦਿੰਦੀਆਂ ਹਨ ।ਅਜਿਹੀ ਕਵਿਤਾ ਲਿਖਣ ਦੀ ਯੋਗਤਾ ਹਰ ਇਕ ਵਿੱਚ ਨਹੀਂ ਹੁੰਦੀ ।ਅਜਿਹੀ ਕਵਿਤਾ ਲਈ ਢੁੱਕਵੇਂ ਸ਼ਬਦਾਂ ਦੀ ਚੋਣ ਲਾਜ਼ਮੀ ਹੁੰਦੀ ਹੈ ।ਕੁਝ ਕਵਿਤਾਵਾਂ ਦੇ ਹਵਾਲੇ ਸਾਂਝੇ ਕਰ ਸਕਦੇ ਹਾਂ: ਰੂਹ ਦੀ ਧਰਾ ਨੂੰ ਪੀੜਿਤ ਕਰਦਾ ਤੇਰੀ ਯਾਦ ਦਾ ਗਾਨ ਮੈਂ ਗਾ ਨਹੀਂ ਸਕਣਾ 209 ਦੀਦ ਤੇਰੀ ਨੈਣ ਹੰਸਾਂ ਨੂੰ ਸਰੋਵਰੋਂ ਮਿਲੀ ਕੋਈ ਬੋਟੀ ਤੇਰਾ ਮਿਲਣਾ ਰੂਹ ਨੂੰ ਦੋ ਵੇਲ਼ੇ ਦੀ ਰੋਟੀ 203 ਹਰ ਅੱਖਰ ‘ਚ ਹਿਚਕੀ ਹਰ ਧੜਕਣ ਵਿੱਚ ਪ੍ਰੇਮ ਸਾਵ੍ਹਾਂ ‘ਚ ਸੰਗੀਤਕ ਤਾਲ ਹੈ ਅਸਾਂ ਦੇਹ ਵੀ ਛਿੱਲੀ ਮਹਿਰਮਾ ਸਪਰਸ਼ ਫਿਰ ਵੀ ਨਾਲ ਹੈ। 197 ਇੰਝ ਅਸੀਂ ਵੇਖਦੇ ਹਾਂ ਕਿ ਛੋਟੀਆਂ ਕਵਿਤਾਵਾਂ ਨੇ ਇਸ ਸੰਗ੍ਰਹਿ ਵਿੱਚ ਆਪਣੀ ਭਰਵੀਂ ਹਾਜ਼ਰੀ ਲਵਾਈ ਹੈ ।ਉਂਝ ਛਿੰਦਰ ਕੌਰ ਸਿਰਸਾ ਛੋਟੀ ਕਵਿਤਾ ਦੀ ਸ਼ਾਇਰਾ ਹੈ । ਉਸ ਦੀਆਂ ਬਹੁਤੀਆਂ ਕਵਿਤਾਵਾਂ ਇੱਕ ਪੰਨੇ ਤੱਕ ਸੀਮਤ ਰਹਿੰਦੀਆਂ ਹਨ ।ਛਿੰਦਰ ਦੁਆਰਾ ਚੁਣੇ ਗਏ ਵਿਸ਼ੇ ਬਹੁਤਾ ਵਿਸਥਾਰ ਨਹੀਂ ਮੰਗਦੇ ।ਇੰਝ ਛਿੰਦਰ ਸਿਰਸਾ ਆਪਣੀਆਂ ਕਵਿਤਾਵਾਂ ਉਪਰ ਸ਼ਬਦਾਂ ਸਤਰਾਂ ਦਾ ਬਹੁਤਾ ਬੋਝ ਨਹੀਂ ਪਾਉਂਦੀ ।ਇਹ ਉਸਦੀ ਕਾਵਿਕ ਸੂਝ ਦਾ ਹੀ ਪ੍ਰਗਟਾਵਾ ਹੈ ।
