Apr 23, 2026

ਡੱਗ ਸਾਂਡਰਸ–

ਈਰਾਨ ਵਿੱਚ ਜੰਗ ਕਿਸ ਦੇ ਰਾਸ਼ਟਰੀ ਹਿੱਤਾਂ ਦੀ ਪੂਰਤੀ ਕਰ ਰਹੀ ਹੈ ? ਇਹ ਜੰਗ ਇੱਕ ਸਾਲ ਲਈ ਵਿਸ਼ਵ ਅਰਥਵਿਵਸਥਾ ਨੂੰ ਤਬਾਹ ਕਰ ਸਕਦੀ ਹੈ, ਇੱਕ ਪੀੜ੍ਹੀ ਲਈ ਮੱਧ ਪੂਰਬ ਨੂੰ ਅਸਥਿਰ ਕਰ ਸਕਦੀ ਹੈ, ਪੂਰੀ ਆਬਾਦੀ ਨੂੰ ਜੋਖਮ ਵਿੱਚ ਪਾ ਸਕਦੀ ਹੈ ਅਤੇ ਵੱਡੀ ਗਿਣਤੀ ਵਿੱਚ ਮਾਸੂਮ ਲੋਕਾਂ ਨੂੰ ਮਾਰ ਸਕਦੀ ਹੈ।

ਯਕੀਨਨ ਇਸ ਜੰਗ ਚੋ ਕਿਸੇ ਇੱਕ ਰਾਸ਼ਟਰ ਜਾਂ ਲੋਕਾਂ ਲਈ ਕੋਈ ਲਾਭ ਜ਼ਰੂਰ ਹੋਣਾ ਚਾਹੀਦਾ ਹੈ।

ਖਬਰ ਹੈ ਕਿ ਪੈਂਟਾਗਨ ਨੇ ਇਸ ਹਫ਼ਤੇ ਲੜਾਈ ਜਾਰੀ ਰੱਖਣ ਲਈ 200 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਮੰਗ ਕੀਤੀ ਹੈ ਕਿਉਂਕਿ ਦੋ ਹਫ਼ਤਿਆਂ ਦੇ ਹਮਲੇ ਬਹੁਤ ਕੁਝ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਹਨ। ਇਜ਼ਰਾਈਲੀ ਲੋਕ ਹਾਲ ਹੀ ਦੇ ਇਤਿਹਾਸ ਵਿੱਚ ਈਰਾਨ ਤੋਂ ਸਭ ਤੋਂ ਭਿਆਨਕ ਬੰਬਾਰੀ ਅਤੇ ਡਰੋਨ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ। ਅੱਠ ਹੋਰ ਦੇਸ਼ਾਂ ਦੇ ਨਿਵਾਸੀ ਈਰਾਨੀ ਹਮਲਿਆਂ ਦੀ ਮਾਰ ਵਿਚ ਹਨ ਜਿਹਨਾਂ ਵਿੱਚ ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ ਅਤੇ ਕਤਰ ‘ਤੇ ਭਾਰੀ ਹਮਲੇ ਸ਼ਾਮਲ ਹਨ। ਤੁਸੀਂ ਸੋਚ ਸਕਦੇ ਹੋ ਕਿ ਇਹਨਾਂ ਹਮਲਿਆਂ ਦੇ ਨਤੀਜੇ ਲੰਬੇ ਸਮੇਂ ਲਈ ਕੀ ਹੋ ਸਕਦੇ ਹਨ।

ਇੱਥੇ ਕਿਸੇ ਵੀ ਹਿੱਤਾਂ ਦੀ ਪੂਰਤੀ ਦੇ ਨਫੇ ਨੁਕਸਾਨ ਬਾਰੇ ਜਾਣਨਾ ਆਸਾਨ ਨਹੀਂ ਹੈ।  ਜੇਕਰ ਤੁਸੀਂ ਲੜੇ ਜਾ ਰਹੇ ਯੁੱਧ ਦੀ ਕਿਸਮ ਨੂੰ ਪੜਤਾਲਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜੋ ਹਿੱਤ ਦਾਅ ‘ਤੇ ਲੱਗੇ ਹੋਏ ਹਨ, ਉਹ ਹਿੱਤ ਪ੍ਰਭਾਵਿਤ ਲੋਕਾਂ ਦੇ ਨਹੀਂ ਹਨ।

ਈਰਾਨ ਵਿੱਚ ਅਸਲ ਵਿੱਚ ਦੋ ਜੰਗਾਂ ਲੜੀਆਂ ਜਾ ਰਹੀਆਂ ਹਨ। ਸੈਨਿਕ ਰਣਨੀਤੀ ਦੇ ਮਾਹਿਰ ਬ੍ਰਿਟਿਸ਼ ਪ੍ਰੋਫੈਸਰ ਲਾਰੈਂਸ ਫ੍ਰੀਡਮੈਨ ਇਸਨੂੰ ਦੋ ਪਰਦਿਆਂ ਵਾਲੀ ਜੰਗ  (ਸਪਲਿਟ ਸਕਰੀਨ ਵਾਰ ) ਕਹਿੰਦੇ ਹਨ।

ਇੱਕ ਸਕਰੀਨ ‘ਤੇ ਇਸਲਾਮੀ ਸ਼ਾਸਨ ਨੂੰ ਉਸਦੀ ਸੀਨੀਅਰ ਲੀਡਰਸ਼ਿਪ, ਇਸਦੇ ਸ਼ਾਸਨ ਢਾਂਚੇ ਅਤੇ ਇਸਦੀ ਆਹਲਾ ਫੌਜੀ ਕਮਾਨ ਨੂੰ ਖਤਮ ਤੇ ਢਹਿ-ਢੇਰੀ ਕਰਨ ਦੀ  ਸਪੱਸ਼ਟ ਕੋਸ਼ਿਸ਼ ਹੈ। ਇਸਨੂੰ ਨੇਸਤੋ ਨਾਬੂਦ ਕਰਨ ਵਾਲੇ ਹਮਲੇ ਵਜੋਂ ਪਰਚਾਰਿਆ ਜਾ ਰਿਹਾ ਹੈ। ਜਾਂ ਇਹ ਇੱਕ ਦੇਸ਼ ਦੇ ਮੁਖੀ ਨੂੰ ਹਟਾਉਣ ਜਾਂ ਖਤਮ ਕਰਨ ਦੀ ਤੀਬਰ ਕੋਸ਼ਿਸ਼ ਹੈਤਾਂ ਜੋ ਇੱਕ ਨਵਾਂ ਉੱਤਰਾਧਿਕਾਰੀ ਸ਼ਾਸਨ ਸਥਾਪਤ ਕੀਤਾ ਜਾ ਸਕੇ (ਜਿਵੇਂ ਕਿ ਅਮਰੀਕਾ ਨੇ 2003 ਤੋਂ ਬਾਅਦ ਇਰਾਕ ਵਿੱਚ ਕੀਤਾ ਸੀ) ਜਾਂ ਉਸਦੀ ਕੋਸ਼ਿਸ਼ ਇਹ ਵੀ ਹੈ ਕਿ ਲੋਕ ਖੁਦ ਮੌਜੂਦਾ ਸਾਸ਼ਨ ਵਿਰੁੱਧ ਉਠ ਖੜੇ ਹੋਣ।

ਕਿਸੇ ਦੇ ਖਾਤਮੇ ਲਈ ਹਮਲਿਆਂ ਵਿਚ,  ਲੰਬੇ ਸਮੇਂ ਲਈ ਜ਼ਮੀਨੀ ਫੌਜਾਂ ਦੀਆਂ ਵੱਡੀਆਂ ਵਚਨਬੱਧਤਾਵਾਂ ਸ਼ਾਮਲ ਨਹੀਂ ਹੁੰਦੀਆਂ। ਅਜਿਹੇ ਵਿਚ ਉਹਨਾਂ ਦਾ ਟਰੈਕ ਰਿਕਾਰਡ ਬਹੁਤ ਮਾੜਾ ਹੁੰਦਾ ਹੈ। ਈਰਾਨ ਦੇ ਧਾਰਮਿਕ ਸ਼ਾਸਕ ਇਹ ਸਭ ਜਾਣਦੇ ਸਨ ਜਿਹਨਾਂ ਨੇ ਇਰਾਕ ਯੁਧ ਨੂੰ ਨੇੜਿਊਂ ਵੇਖਿਆ ਹੈ। ਉਹ ਜਾਣਦੇ ਸਨ ਕਿ ਅਗਲਾ ਨਿਸ਼ਾਨਾ ਉਹ ਹੋ ਸਕਦੇ ਹਨ। ਉਹਨਾਂ ਨੇ ਇਸ ਲਈ ਇੱਕ ਲੰਬੀ ਮਿਆਦ ਵਾਲੀ ਰਣਨੀਤੀ ਬਣਾਈ ਜਿਸ ਵਿੱਚ ਸ਼ਕਤੀ, ਅਧਿਕਾਰ, ਹਥਿਆਰ,  ਭੂਗੋਲਿਕ ਅਤੇ ਸੰਸਥਾਗਤ ਤੌਰ ‘ਤੇ ਇਕ ਵਿਆਪਕ ਮੌਜੈਕ ਯੁਧ ਨੀਤੀ ਸ਼ਾਮਿਲ ਸੀ। ਈਰਾਨ ਦੀ ਯੁਧ ਨੀਤੀ ਬਾਰੇ ਈਰਾਨੀ ਨੇਤਾ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਤੋਂ ਸ਼ੇਖੀਆਂ ਮਾਰਦੇ ਆ ਰਹੇ ਹਨ । ਜਦੋਂ ਤੁਸੀਂ ਟਰੰਪ ਦੀਆਂ ਗੱਲਾਂ ਸੁਣਦੇ ਹੋ ਤਾਂ ਇਹਨਾਂ ਸਭ ਦਾ ਹਵਾਲਾ ਜੱਗ ਜਾਹਰ ਹੈ। ਈਰਾਨੀ ਸਾਸ਼ਕਾਂ ਦੀ ਯੁਧ ਨੀਤੀ ਕੋਈ ਲੁਕੀ ਛੁਪੀ ਨਹੀ ਸੀ।

ਰਾਸ਼ਟਰਪਤੀ ਟਰੰਪ ਦੀਆਂ ਬ੍ਰੀਫਿੰਗਾਂ ਤੋਂ ਪਹਿਲਾਂ ਹੀ ਸਭ ਜਾਣਿਆ ਜਾ ਸਕਦਾ ਹੈ ਕਿ ਜੋ 28 ਫਰਵਰੀ ਨੂੰ ਹਵਾਈ ਹਮਲੇ ਸ਼ੁਰੂ ਹੋਣ ਤੋਂ ਬਾਅਦ ਵਾਪਰਿਆ। ਈਰਾਨੀ ਯੁਧ ਨੀਤੀ ਮੁਤਾਬਿਕ ਕਿਵੇਂ ਚੋਟੀ ਦੇ ਨੇਤਾਵਾਂ ਦੀ ਹੱਤਿਆ ਤੋਂ ਬਾਦ ਉਨ੍ਹਾਂ ਦੀ ਥਾਂ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਜੋ ਇਕ ਵਿਸ਼ਾਲ ਤੇ ਮਜਬੂਤ ਸੰਗਠਨ ਹੈ, ਨੇ ਸਰਕਾਰ ਨੂੰ ਆਪਣੇ ਹੱਥਾਂ ਵਿਚ ਲੈ ਲਿਆ। ਇਹ ਈਰਾਨੀਆਂ ਦੇ ਆਪਣੇ ਸ਼ਾਸਨ ਨੂੰ ਉਖਾੜ ਸੁੱਟਣ ਦੀ ਸੰਭਾਵਨਾ ਨੂੰ ਬਹੁਤ ਘਟਾਉਂਦਾ ਹੈ ਅਤੇ ਸਮੂਹਿਕ ਕਤਲੇਆਮ ਦੀ ਸੰਭਾਵਨਾ ਨੂੰ ਵਧਾਉਂਦਾ ਹੈ।

ਈਰਾਨ ਉਪਰ ਹਮਲੇ ਨੂੰ ਲੈਕੇ ਅਮਰੀਕੀ ਕਾਂਗਰਸ ਵਿਚ  ਇਸ ਹਫ਼ਤੇ ਹੋਈ ਸੁਣਵਾਈ ਦੌਰਾਨ ਦਸਤਾਵੇਜਾਂ ਸਹਿਤ ਇਹ ਦੁਹਰਾਇਆ ਗਿਆ ਕਿ ਈਰਾਨ ਕੋਲ ਕੋਈ ਪ੍ਰਮਾਣੂ-ਹਥਿਆਰ ਪ੍ਰੋਗਰਾਮ ਨਹੀਂ ਸੀ ਪਰ ਉਸ ਵਲੋਂ ਸਾਲਾਂ ਤੋਂ ਮਾਰੂ ਹਥਿਆਰ ਤਿਆਰ ਕੀਤੇ ਜਾ ਰਹੇ ਸਨ ਜਿਹਨਾਂ ਖਿਲਾਫ ਹਵਾਈ ਹਮਲਿਆਂ ਨਾਲ ਇਹਨਾਂ ਦੇ ਭਵਿੱਖ ਵਿਚ ਵਿਸਥਾਰ ਤੇ ਕੁਝ ਨਿਯੰਤਰਣ ਸੰਭਵ ਹੈ। ਪਰ ਇਸਦੇ ਨਾਲ ਹੀ ਇਸ ਯੁਧ ਨੇ  ਈਰਾਨ ਨੂੰ ਪਹਿਲਾਂ ਨਾਲੋਂ ਵੀ ਇੱਕ ਹੋਰ ਖ਼ਤਰਨਾਕ ਖੇਤਰੀ ਸ਼ਕਤੀ ਬਣਾ ਦਿੱਤਾ ਹੈ।ਉਸ ਵਲੋਂ  ਰਿਆਧ ਜਾਂ ਦੁਬਈ ਤੇ ਕੀਤੇ ਗਏ ਹਮਲੇ ਉਦਾਹਰਣ ਹਨ। ਕਿਸੇ ਸਮੇਂ, ਇਸਲਾਮਿਕ ਰੈਵੋਲੁਸ਼ਨਰੀ ਫੋਰਸ ਕੋਲ ਹਥਿਆਰਾਂ ਦਾ ਖਾਤਮਾ ਉਸਦੇ ਆਪਣੇ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ। ਈਰਾਨ ਆਪਣੇ ਨੇੜਲੇ ਗੁਆਂਢੀ ਮੁਲਕਾਂ ਲਈ ਉਦੋਂ ਹੋਰ ਖਤਰਨਾਕ ਹੋਵੇਗਾ ਜਦੋਂ ਸ਼ਰਨਾਰਥੀਆਂ ਦੀ ਇਕ ਵੱਡੀ ਭੀੜ ਪੈਦਾ ਹੋਵੇਗੀ।

ਇਸ ਜੰਗ ਦੀ ਦੂਜੀ ਸਕ੍ਰੀਨ ‘ਤੇ ਲਾਰੈਂਸ ਫ੍ਰੀਡਮੈਨ ਮੁਤਾਬਿਕ ਈਰਾਨ ਦੀ  ਮੋਜ਼ੇਕ ਰੱਖਿਆ ਤਕਨੀਕ ਵਿੱਚ ਖਾੜੀ ਰਾਜਾਂ ਦੇ ਪੈਟਰੋਲੀਅਮ ਬੁਨਿਆਦੀ ਢਾਂਚੇ ‘ਤੇ ਬੇਰਹਿਮ ਹਮਲੇ ਅਤੇ ਹੋਰਮੁਜ਼ ਜਲਡਮਰੂ ਦੀ ਨਾਕਾਬੰਦੀ ਸ਼ਾਮਲ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਇਸਦੇ ਬਦਲ ਵਜੋਂ  ਦੱਖਣੀ ਪਾਰਸ ਦੇ ਗੈਸ ਖੇਤਰ ਅਤੇ ਈਰਾਨੀ ਤੇਲ ਢਾਂਚਿਆਂ ਉਪਰ ਹਮਲੇ ਸ਼ੁਰੂ ਕੀਤੇ ਹਨ ਜਿਨ੍ਹਾਂ ਨੂੰ ਦੁਬਾਰਾ ਬਣਾਉਣ ਵਿੱਚ ਕਈ ਸਾਲ ਜਾਂ ਦਹਾਕੇ  ਲੱਗ ਸਕਦੇ ਹਨ। ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਇਸ ਹਫ਼ਤੇ ਇਜ਼ਰਾਈਲ ਨੂੰ ਇਹਨਾਂ ਹਮਲਿਆਂ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਸੀ ਜਦੋਂਕਿ ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨਾਲ ਨੇੜਲੇ ਤਾਲਮੇਲ ਨਾਲ ਹੀ ਇਹ ਹਮਲੇ ਕੀਤੇ ਗਏ ਸਨ।

ਯੁੱਧ ਦਾ ਇਹ ਰੂਪ ਕਿਸੇ ਵੀ ਰਾਸ਼ਟਰੀ ਹਿੱਤ ਨਾਲ ਮੇਲ ਨਹੀਂ ਖਾਂਦਾ। ਇਹ ਸਿਰਫ ਇਹ ਯਕੀਨੀ ਬਣਾਉਣ ਲਈ ਹੈ ਕਿ ਭਵਿੱਖ ਵਿਚ ਈਰਾਨ ਇਕ ਗਰੀਬ, ਕਮਜ਼ੋਰ ਅਤੇ ਵਧੇਰੇ ਅਸਥਿਰ ਹੋਵੇ। ਸਭ ਤੋਂ ਵੱਧ ਸ਼ਾਇਦ ਇਹ ਯਕੀਨੀ ਬਣਾਉਣਾ ਹੈ ਕਿ ਈਰਾਨ ਇਕ ਅਜਿਹਾ ਪੀੜਤ ਮੁਲਕ ਬਣ ਜਾਵੇ ਜਿਸਨੂੰ ਇਕ ਮਹਿੰਗੀ ਸਹਾਇਤਾ ਦੀ ਲੋੜ ਪਵੇ। ਅਜਿਹੀ ਸਥਿਤੀ ਵਿਚ ਈਰਾਨ ਇਸ ਖੇਤਰ ਦਾ ਅਜਿਹਾ ਮੁਲਕ ਹੋਵੇਗਾ ਜਿਸਦਾ ਹੁਣ ਖੇਤਰੀ ਦਬਦਬੇ ਲਈ ਸਾਊਦੀ ਅਰਬ, ਕਤਰ, ਤੁਰਕੀ ਜਾਂ ਇਜ਼ਰਾਈਲ ਨਾਲ ਮੁਕਾਬਲਾ ਨਹੀਂ ਹੋ ਸਕੇਗਾ। -ਇਹ  ਇੱਕ ਅਜਿਹਾ ਟੀਚਾ ਹੈ ਜੋ ਲੋਕਾਂ ਲਈ ਨਹੀਂ ਸਗੋਂ ਨੇਤਾਵਾਂ ਲਈ ਫਾਇਦੇਮੰਦ ਹੈ। ਖਾਸ ਕਰਕੇ ਬੈਂਜਾਮਿਨ ਨੇਤਨਯਾਹੂ ਲਈ, ਜਿਸਨੇ ਆਪਣੇ ਰਾਜਨੀਤਿਕ ਲਾਭ ਲਈ ਗਾਜ਼ਾ, ਪੱਛਮੀ ਕੰਢੇ ਅਤੇ ਲੇਬਨਾਨ ਨੂੰ ਇਸੇ ਤਰ੍ਹਾਂ ਵੰਡਣ ਅਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਇੱਕ ਅਜਿਹੀ ਰਣਨੀਤੀ ਹੈ ਜੋ ਉਸਦੇ ਆਪਣੇ ਨਾਗਰਿਕਾਂ ਦੇ ਹਿੱਤਾਂ ਨੂੰ ਹੀ ਨੁਕਸਾਨ ਪਹੁੰਚਾਉਣ ਵਾਲੀ ਹੈ।

ਇਸ ਯੁੱਧ ਦਾ ਸਥਾਈ ਸਬਕ ਇਹੀ ਕਿਹਾ ਜਾ ਸਕਦਾ ਹੈ ਕਿ ਰਾਸ਼ਟਰੀ ਨੇਤਾਵਾਂ ਵਲੋਂ ਆਪਣੀ ਰਾਜਨੀਤਿਕ ਸੁਰੱਖਿਆ ਲਈ ਲਏ ਗਏ ਫੈਸਲਿਆਂ ਨੇ ਉਨ੍ਹਾਂ ਦੇ ਨਾਗਰਿਕਾਂ ਨੂੰ ਵਧੇਰੇ ਅਸੁਰੱਖਿਅਤ ਬਣਾ ਦਿੱਤਾ ਹੈ। (ਧੰਨਵਾਦ ਸਹਿਤ ਦਾ ਗਲੋਬ ਐਂਡ ਮੇਲ)