ਐਡਮਿੰਟਨ (ਗੁਰਪ੍ਰੀਤ ਸਿੰਘ)-ਬੀਤੇ ਦਿਨੀ ਐਡਮਿੰਟਨ ਦੇ ਭਾਰਤੀ ਕਲਚਰਲ ਸੁਸਾਇਟੀ ਆਫ ਅਲਬਰਟਾ ਮੰਦਿਰ ਦੀ ਰਸੋਈ ਜੋ ਕਿ (AHS) ਵੱਲੋਂ ਕੁੱਝ ਖਾਮੀਆਂ ਕਾਰਨ ਬੰਦ ਕਰ ਦਿਤੀ ਗਈ ਸੀ , ਨੂੰ ਦੁਬਾਰਾ ਖੋਲ੍ਹ ਦਿਤਾ ਗਿਆ ਹੈ।
ਮੰਦਿਰ ਦੀ ਪ੍ਰਬੰਧਕ ਮੈਨੇਜਮੈਂਟ ਨੇ ਦੱਸਿਆ ਕਿ ਸ਼ੁੱਕਰਵਾਰ 11 ਸਤੰਬਰ 2026 ਨੂੰ ਅਲਬਰਟਾ ਹੈਲਥ ਸਰਵਿਸਿਜ਼ (AHS) ਨੇ BCSA ਹਿੰਦੂ ਮੰਦਿਰ ਦੀ ਰਸੋਈ ਦਾ ਮੁਆਇਨਾ ਕੀਤਾ ਅਤੇ ਕਲੋਜ਼ਰ ਆਰਡਰ ਹਟਾ ਦਿੱਤਾ ਹੈ। ਰਸੋਈ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ AHS ਅਧਿਕਾਰੀ ਡੂੰਘੀ ਸਫਾਈ ਅਤੇ ਸੁਧਾਰ ਦੇ ਕੰਮ ਤੋਂ ਬਹੁਤ ਸੰਤੁਸ਼ਟ ਸਨ।
ਮੰਦਿਰ ਪ੍ਰਬੰਧਕਾਂ ਨੇ ਇਸ ਘਟਨਾ ਦੀ ਪੂਰੀ ਜ਼ਿੰਮੇਵਾਰੀ ਲਈ ਹੈ ਅਤੇ ਸੰਚਾਲਨ ਅਤੇ ਰੱਖ-ਰਖਾਅ ਦੇ ਤਰੀਕਿਆਂ ਦੀ ਪਾਲਣਾ ਲਈ ਕਈ ਸੰਚਾਲਨ ਤਬਦੀਲੀਆਂ ਅਤੇ ਪ੍ਰੋਟੋਕੋਲ ਲਾਗੂ ਕੀਤੇ ਹਨ। ਮੈਨੇਜਮੈਂਟ ਸਹੂਲਤ ਦੀ ਸਫਾਈ ਅਤੇ ਰੱਖ-ਰਖਾਅ ਨੂੰ ਸਭ ਤੋਂ ਉੱਪਰ ਰੱਖਣ ਅਤੇ ਉੱਚ ਤੋਂ ਉੱਚ ਮਿਆਰਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਬੋਰਡ ਯੋਗ ਮਾਹਰਾਂ ਤੋਂ ਮਾਰਗਦਰਸ਼ਨ ਵੀ ਲਵੇਗਾ, ਅਤੇ ਮੰਦਿਰ ਅਤੇ ਇਸਦੀ ਰਸੋਈ ਦੀ ਸਫਾਈ ਨੂੰ ਲਗਾਤਾਰ ਸੁਧਾਰਨ ਅਤੇ ਬਣਾਈ ਰੱਖਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਕਮੇਟੀ ਨੇ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਕਿ ਉਹ ਅੱਗੇ ਆ ਕੇ ਮੰਦਿਰ ਦੀ ਸਾਂਭ-ਸੰਭਾਲ ਵਿੱਚ ਮਦਦ ਕਰਨ। ਅਸੀਂ ਹਰ ਇੱਕ ਸ਼ਰਧਾਲੂ ਦਾ ਸਬਰ, ਸਮਝ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ ਕਰਦੇ ਹਾਂ ਜਦੋਂ ਮੰਦਿਰ ਦੀ ਰਸੋਈ ਬੰਦ ਰਹੀ।
ਇਸ ਤੋਂ ਪਹਿਲਾਂ ਅਲਬਰਟਾ ਹੈਲਥ ਸਰਵਿਸ (AHS) ਨੇ ਸਿਹਤ ਨਿਯਮਾਂ ਦੀ ਗੰਭੀਰ ਉਲੰਘਣਾ ਕਰਨ ਤੇ ਬੀਤੀ 28 ਅਗਸਤ ਨੂੰ ਰਸੋਈ ਨੂੰ ਬੰਦ ਕਰਵਾ ਦਿਤਾ ਸੀ। AHS ਦੀ 31 ਅਗਸਤ ਦੀ 8 ਸਫ਼ਿਆਂ ਦੀ ਰਿਪੋਰਟ ਮੁਤਾਬਕ ਮੌਕੇ ਤੇ 13 ਵੱਡੀਆਂ ਖਾਮੀਆਂ ਮਿਲੀਆਂ, ਜਿਸ ਵਿਚ ਮੁੱਖ ਰਸੋਈ, ਸਟੋਰ ਰੂਮ ਅਤੇ ਬੇਸਮੈਂਟ ਵਿੱਚ ਪਿਆ ਸਾਰਾ ਖਾਣਾ ਚੂਹਿਆਂ ਦੀ ਲਿੱਦ, ਪਿਸ਼ਾਬ ਅਤੇ ਮੱਖੀਆਂ ਨਾਲ ਦੂਸ਼ਿਤ ਮਿਲਿਆ ਸੀ।
ਇਸ ਤੋਂ ਇਲਾਵਾ ਸੇਵਾਦਾਰ ਭਾਂਡਿਆਂ ਨੂੰ ਸੈਨੀਟਾਈਜ਼ ਕੀਤੇ ਬਿਨਾਂ ਹੀ ਵਰਤ ਰਹੇ ਸਨ। ਡਿਸ਼ਵਾਸ਼ਰ ਮਸ਼ੀਨ ਸਹੀ ਤਾਪਮਾਨ ਤੇ ਕੰਮ ਨਹੀਂ ਕਰ ਰਹੀ ਸੀ ਅਤੇ ਅੰਦਰੋਂ ਕਾਈ ਜੰਮੀ ਹੋਈ ਸੀ। ਹਰ ਜਗ੍ਹਾ – ਬਰਤਨਾਂ, ਬਿਸਤਰਿਆਂ, ਅਲਮਾਰੀਆਂ ਤੱਕ ਚੂਹਿਆਂ ਦੀ ਲਿੱਟ ਮਿਲੀ। ਪੌੜੀਆਂ ਅਤੇ ਕੰਧਾਂ ਵਿੱਚ ਚੂਹਿਆਂ ਦੇ ਬਿੱਲ ਮਿਲੇ। ਰਸੋਈ ਅਤੇ ਬਾਥਰੂਮ ਵਿੱਚ ਮੱਖੀਆਂ ਅਤੇ ਬੇਸਮੈਂਟ ਵਿੱਚ ਕੀੜੀਆਂ ਵੀ ਮਿਲੀਆਂ। ਸਫਾਈ ਦੇ ਮਾਮਲੇ ਵਿੱਚ ਵੀ ਹਾਲਤ ਬਹੁਤ ਮਾੜੀ ਸੀ। ਫਰਿੱਜ, ਫ੍ਰੀਜ਼ਰ, ਮਾਈਕ੍ਰੋਵੇਵ, ਟੇਬਲ, ਕੁਰਸੀਆਂ, ਬੱਚਿਆਂ ਦੀਆਂ ਹਾਈ ਚੇਅਰਾਂ ਤੱਕ ਤੇਲ, ਗ੍ਰੀਸ ਅਤੇ ਕੂੜਾ ਜੰਮਿਆ ਹੋਇਆ ਸੀ। ਬਾਥਰੂਮਾਂ ਦੀਆਂ ਟੂਟੀਆਂ ਖਰਾਬ ਅਤੇ ਕੰਧਾਂ ਤੇ ਉੱਲੀ ਲੱਗੀ ਹੋਈ ਸੀ।
AHS ਦਾ ਹੁਕਮ ਸਾਰਾ ਦੂਸ਼ਿਤ ਖਾਣਾ ਅਤੇ ਖੁੱਲ੍ਹੇ ਡਿਸਪੋਜ਼ੇਬਲ ਸਮਾਨ ਨੂੰ ਸੁੱਟਿਆ ਜਾਵੇ, ਪੂਰੀ ਪੈਸਟ ਕੰਟਰੋਲ, ਡੂੰਘੀ ਸਫਾਈ, ਮਸ਼ੀਨਾਂ ਦੀ ਮੁਰੰਮਤ ਅਤੇ ਸਟਾਫ ਦੀ ਟ੍ਰੇਨਿੰਗ ਤੋਂ ਬਾਅਦ ਹੀ AHS ਅਫਸਰ ਦੀ ਇਜਾਜ਼ਤ ਨਾਲ ਰਸੋਈ ਦੁਬਾਰਾ ਖੁੱਲ੍ਹੇਗੀ।
